ਜਰਖੜ ਵਾਲਿਆਂ ਨੇ ਜਿਊਂਦੇ ਜੀਅ ਉੱਡਣਾ ਸਿੱਖ ਮਿਲਖਾ ਨਾਲ ਨਿਭਾਈ ਯਾਰੀ

392
Share

ਜਰਖੜ ਹਾਕੀ ਅਕੈਡਮੀ ਨੇ ਸਵਰਗੀ ਮਿਲਖਾ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ
ਲੁਧਿਆਣਾ, 19 ਜੂਨ (ਪੰਜਾਬ ਮੇਲ)- ਉੱਡਣਾ ਸਿੱਖ ਮਿਲਖਾ ਸਿੰਘ ਜੋ 93 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਅੱਜ ਜਰਖੜ ਹਾਕੀ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਉਡਣਾ ਸਿੱਖ ਮਿਲਖਾ ਸਿੰਘ ਦੇ ਆਦਮਕੱਦ ਉੱਤੇ ਫੁੱਲਮਾਲਾ ਭੇਂਟ ਕਰਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਖੇਡਾਂ ਵਾਲਿਆਂ ਨੇ ਉਡਣਾ ਸਿੱਖ ਮਿਲਖਾ ਸਿੰਘ ਨਾਲ ਜਿਊਂਦੇ ਜੀਅ ਯਾਰੀ ਨਿਭਾਈ ਹੈ। ਉਸ ਦੀਆਂ ਮਹਾਨ ਪ੍ਰਾਪਤੀਆਂ ਨੂੰ ਦਰਸਾਉਂਦਾ 27 ਫੁੱਟ ਉੱਚਾ ਬੁੱਤ ਸਥਾਪਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮਾਤਾ¿; ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਭਾਰਤ ਦਾ ਇੱਕੋ ਇੱਕ ਅਜਿਹਾ ਸਟੇਡੀਅਮ ਹੈ, ਜਿੱਥੇ ਉੱਡਣਾ ਸਿੱਖ ਮਿਲਖਾ ਸਿੰਘ ਦਾ ਜਿਊਂਦੇ ਜੀਅ ਆਦਮਕੱਦ ਬੁੱਤ ਲਗਾਇਆ ਗਿਆ ਸੀ। ਇਸ ਬੁੱਤ ਦਾ ਉਦਘਾਟਨ ਖੁਦ ਉੱਡਣਾ ਮਿਲਖਾ ਸਿੰਘ ਨੇ 17 ਜਨਵਰੀ 2014 ਨੂੰ ਕੀਤਾ ਸੀ। ਉਹ 28ਵੇਂ ਸਾਲ 2014 ਦੇ ਜਰਖੜ ਖੇਡ ਮੇਲੇ ਉਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਜਦੋਂ ਆਪਣੀ ਜ਼ਿੰਦਗੀ ਦੀ ਤਰਸਯੋਗ ਹਾਲਤ, ਘਾਲਣਾ, ਗਰੀਬੀ, ਸੰਘਰਸ਼ ਦਾ ਵਰਣਨ ਕੀਤਾ ਸੀ, ਤਾਂ ਹਰ ਖੇਡ ਪ੍ਰੇਮੀ ਦੀ ਅੱਖ ਨਮ ਹੋਈ ਸੀ, ਅੱਜ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਫੇਰ ਉਸੇ ਤਰ੍ਹਾਂ ਖਿਡਾਰੀਆਂ ਦੀਆਂ ਅੱਖਾਂ ਨਮ ਹੋਈਆਂ ਹਨ। ਉਹ ਉੱਭਰਦੇ ਖਿਡਾਰੀਆਂ ਲਈ ਇਕ ਪ੍ਰੇਰਨਾ ਸਰੋਤ ਹਨ। ਉੱਡਣਾ ਸਿੱਖ ਮਿਲਖਾ ਸਿੰਘ ਨੇ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਹੋਰ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿਚ ਭਾਰਤ ਲਈ ਅਥਾਹ ਗੋਲਡ ਮੈਡਲ ਜਿੱਤੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ 80 ਅੰਤਰਰਾਸ਼ਟਰੀ ਪੱਧਰ ਦੀਆਂ ਕੁੱਲ ਦੌੜਾਂ ਦੌੜੀਆਂ, ਜਿਨ੍ਹਾਂ ਵਿਚੋਂ 77 ਜਿੱਤੀਆਂ ਪਾਕਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਅਯੂਬ ਖ਼ਾਨ ਨੇ ਉਨ੍ਹਾਂ ਨੂੰ ਉਡਣਾ ਸਿੱਖ ਦਾ ਖ਼ਿਤਾਬ ਦਿੱਤਾ ਪਰ ਉਨ੍ਹਾਂ ਨੂੰ ਰੋਮ ਓਲੰਪਿਕ ਵਿਚ 400 ਮੀਟਰ ਦੌੜ ਵਿਚ 45:6 ਸੈਕਿੰਡ ਦਾ ਨਵਾਂ ਰਿਕਾਰਡ ਬਣਾਉਣ ਦੇ ਬਾਵਜੂਦ ਵੀ ਤਗ਼ਮਾ ਨਾ ਜਿੱਤਣ ਦਾ ਬੜਾ ਦੁੱਖ ਸੀ ਤੇ ਦੂਸਰਾ ਉਹ ਚਾਹੁੰਦੇ ਸਨ ਕਿ ਜਿਊਂਦੇ ਜੀਅ ਪੰਜਾਬ ਦਾ ਕੋਈ ਐਥਲੀਟ ਮਿਲਖਾ ਸਿੰਘ ਦਾ ਰਿਕਾਰਡ ਤੋੜੇ ਪਰ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਹੀਂ ਹੋ ਸਕਿਆ। ਅੱਜ ਜਰਖੜ ਸਟੇਡੀਅਮ ਵਿਖੇ ਉਨ੍ਹਾਂ ਦੇ ਆਦਮਕੱਦ ਬੁੱਤ ’ਤੇ ਖਿਡਾਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ। ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਕੋਚ ਗੁਰਸਤਿੰਦਰ ਸਿੰਘ ਪਰਗਟ, ਯਾਦਵਿੰਦਰ ਸਿੰਘ ਤੂਰ, ਸੰਦੀਪ ਸਿੰਘ ਪੰਧੇਰ, ਪਹਿਲਵਾਨ ਹਰਮੇਲ ਸਿੰਘ ਕਾਲਾ, ਸਾਹਿਬਜੀਤ ਸਿੰਘ ਸਾਬੀ, ਰਵਿੰਦਰ ਸਿੰਘ ਕਾਲਾ ਘਵੱਦੀ, ਠਾਕੁਰਜੀਤ ਸਿੰਘ ਦਾਦ, ਤਜਿੰਦਰ ਸਿੰਘ ਜਰਖੜ, ਰਾਜਿੰਦਰ ਸਿੰਘ ਜਰਖੜ, ਗੁਰਵਿੰਦਰ ਸਿੰਘ ਦਿੱਲੀ , ਰਣਜੀਤ ਸਿੰਘ ਆਲਮਗੀਰ, ਜਗਦੇਵ ਸਿੰਘ ਜਰਖੜ, ਗੁਰਦੀਪ ਸਿੰਘ ਟੀਟੂ ਕਿਲ੍ਹਾ ਰਾਏਪਰ, ਲਵਜੀਤ ਸਿੰਘ, ਵਿਨੋਦ ਕੁਮਾਰ ਆਦਿ ਹੋਰ ਸ਼ਖ਼ਸੀਅਤਾਂ ਅਤੇ ਖਿਡਾਰੀ ਵੱਡੀ ਗਿਣਤੀ ’ਚ ਹਾਜ਼ਰ ਸਨ।

Share