ਲੁਧਿਆਣਾ, 29 ਮਈ (ਪੰਜਾਬ ਮੇਲ)-ਬੀਤੀ ਸ਼ਾਮ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਜਰਖੜ ਖੇਡ ਸਟੇਡੀਅਮ ਦਾ ਹਾਕੀ ਵਾਲੇ ਬਲਾਕ ਦਾ ਸ਼ੈਡ ਉੱਡ ਗਿਆ ਜਿਸ ਕਾਰਨ ਸਟੇਡੀਅਮ ਦਾ ਭਾਰੀ ਨੁਕਸਾਨ ਹੋਇਆ ਹੈ ।
ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਤੇਜ ਹਨੇਰੀ ਕਾਰਨ ਸਟੇਡੀਅਮ ਵਿੱਚ ਚੱਲ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਮੈਚ ਮੁਲਤਵੀ ਕਰਨੇ ਪਏ । ਉਨ੍ਹਾਂ ਦੱਸਿਆ ਅੱਜ ਤੇਜ਼ ਆਈ ਹਨ੍ਹੇਰੀ ਤੇ ਤੂਫਾਨ ਕਾਰਨ ਹਾਕੀ ਸਟੇਡੀਅਮ ਵਾਲਾ ਸੈਡ ਲਗਪਗ ਪੂਰਾ ਹੀ ਉੱਡ ਗਿਆ ਹੈ । ਜਿਸ ਕਾਰਨ ਘੱਟੋ ਘੱਟ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ।
ਇਸ ਤੋਂ ਪਹਿਲਾਂ ਵੀ ਸਾਲ 2011 ਵਿੱਚ 18 ਜੂਨ ਨੂੰ ਇਕ ਵੱਡੇ ਤੂਫ਼ਾਨ ਕਾਰਨ ਜ਼ਰਖੜ ਖੇਡ ਸਟੇਡੀਅਮ ਦਾ ਨੁਕਸਾਨ ਹੋਇਆ ਸੀ ਅਤੇ ਸਾਰਾ ਸੈਡ ਨਵੇਂ ਸਿਰੇ ਤੋਂ ਬਣਾਉਣਾ ਪਿਆ ਸੀ ਜਿਸ ਤੇ 9 ਲੱਖ ਰੁਪਏ ਦੇ ਕਰੀਬ ਖ਼ਰਚ ਹੋਇਆ ਸੀ । ਉਸ ਵਕਤ ਦਾਤੇ ਦੀ ਰਹਿਮਤ ਅਤੇ ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਜਰਖੜ ਖੇਡ ਸਟੇਡੀਅਮ ਮੁੜ ਆਪਣੇ ਪੈਰਾਂ ਤੇ ਖਡ਼੍ਹਾ ਹੋ ਗਿਅਾ ਸੀ । ਅੱਜ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ । ਜਰਖੜ ਖੇਡ ਸਟੇਡੀਅਮ ਅਤੇ ਹਾਕੀ ਅਕੈਡਮੀ ਦਾ ਸਾਰਾ ਸਿਸਟਮ ਦੋਸਤਾਂ ਮਿੱਤਰਾਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ। ਇਸ ਵਾਰ ਵੀ ਵਾਹਿਗੁਰੂ ਰਹਿਮਤ ਕਰੇਗਾ।
ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜਰਖੜ ਸਟੇਡੀਅਮ ਵਿੱਚ ਚੱਲ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੈਚ ਹੁਣ 4 ਅਤੇ 5 ਜੂਨ ਨੂੰ ਖੇਡੇ ਜਾਣਗੇ । 4 ਜੂਨ ਨੂੰ ਸਬ ਜੂਨੀਅਰ ਅਤੇ ਸੀਨੀਅਰ ਵਰਗ ਦੇ 4 ਸੈਮੀਫਾਈਨਲ ਮੁਕਾਬਲੇ ਹੋਣਗੇ ਜਦਕਿ 5 ਜੂਨ ਦੋਹਾਂ ਵਰਗਾਂ ਦੇ ਫਾਈਨਲ ਮੁਕਾਬਲੇ ਸ਼ਾਮ 6 ਤੋਂ 9 ਵਜੇ ਤਕ ਖੇਡੇ ਜਾਣਗੇ ।