ਜਰਖੜ ਖੇਡਾਂ ਦਾ 6ਵਾਂ ਦਿਨ –ਸੀਨੀਅਰ ਵਰਗ ਵਿੱਚ ਰੂਮੀ ਕਲੱਬ ਅਤੇ ਸਬ ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਸੈਮੀਫਾਈਨਲ ਵਿੱਚ ਪੁੱਜੇ  

38
Share

ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਅਮਨਦੀਪ ਸਿੰਘ  ਮੋਹੀ ਮੁੱਖ ਮਹਿਮਾਨ ਵਜੋਂ ਪੁੱਜੇ

ਲੁਧਿਆਣਾ, 23 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ 6ਵੇਂ ਦਿਨ  ਜਿੱਥੇ ਸੀਨੀਅਰ ਵਰਗ ਵਿੱਚ ਫਰੈਂਡਜ਼ ਕਲੱਬ ਰੂਮੀ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ,ਉੱਥੇ ਸਬ ਜੂਨੀਅਰ ਵਰਗ ਵਿੱਚ  ਜਰਖੜ ਹਾਕੀ ਅਕੈਡਮੀ ਨੇ ਆਖ਼ਰੀ ਚਾਰਾਂ ਵਿੱਚ ਆਪਣੀ ਜਗ੍ਹਾ ਬਣਾਈ  ।
 ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਖੇਡੇ ਜਾ ਰਹੇ ਇਲਾਕੇ ਦੇ ਇਸ ਵੱਕਾਰੀ ਹਾਕੀ ਫੈਸਟੀਵਲ ਵਿੱਚ  ਸਬ ਜੂਨੀਅਰ ਵਰਗ ਦਾ ਪਹਿਲਾ ਮੁਕਾਬਲਾ ਜਰਖੜ ਹਾਕੀ ਅਕੈਡਮੀ ਅਤੇ ਚਚਰਾੜੀ ਹਾਕੀ ਸੈਂਟਰ ਦੇ ਵਿਚਕਾਰ ਖੇਡਿਆ ਗਿਆ ਜੋ ਨਿਰਧਾਰਿਤ ਸਮੇਂ ਤੱਕ 4-4=ਗੋਲਾਂ ਤੇ ਬਰਾਬਰ ਰਿਹਾ । ਪੈਨਲਟੀ ਸ਼ੂਟਆਊਟ ਸਡਨ ਡੈਥ ਮੁਕਾਬਲੇ  ਵਿੱਚ ਜਰਖੜ ਅਕੈਡਮੀ 5-4 ਨਾਲ ਜੇਤੂ ਰਹੀ । ਜੇਤੂ ਟੀਮ ਵੱਲੋਂ ਗੁਰਜੋਤ ਸਿੰਘ ਨੇ  2, ਗੁਰ ਮਾਨਵਦੀਪ ਅਤੇ ਹੁਸਨ ਜਰਖੜ ਨੇ 1-1 ਗੋਲ ਕੀਤਾ ਜਦਕਿ ਚਚਰਾੜੀ ਵੱਲੋਂ ਹਰਮਨਦੀਪ, ਸਿਮਰਨਦੀਪ ਅਤੇ ਮਨਵੀਰ ਨੇ 1-1ਗੋਲ ਕੀਤਾ । ਦੂਸਰੇ ਸਬ ਜੂਨੀਅਰ ਮੁਕਾਬਲੇ ਵਿੱਚ ਜਟਾਣਾ ਹਾਕੀ ਸੈਂਟਰ ਬਾਗੜੀਆਂ ਸੰਗਰੂਰ ਹਾਕੀ ਸੈਂਟਰ ਤੋਂ 5-4 ਗੋਲਾਂ ਨਾਲ ਜੇਤੂ ਰਿਹਾ  ।
 ਸੀਨੀਅਰ ਵਰਗ ਦੇ ਮੁਕਾਬਲੇ ਵਿੱਚ ਫਰੈਂਡਜ਼ ਕਲੱਬ ਰੂਮੀ ਨੇ ਬਹੁਤ ਹੀ ਆਹਲਾ ਦਰਜੇ ਦੀ ਖੇਡ ਦਾ ਵਿਖਾਵਾ ਕਰਦਿਆਂ ਰਾਮਪੁਰ ਹਾਕੀ ਕਲੱਬ  7-3 ਗੋਲ੍ਹਾਂ ਨਾਲ ਧੋਬੀ ਪਟਕਾ ਮਾਰਦਿਆਂ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ  । ਰੂਮੀ ਦੀ ਜਿੱਤ ਦੇ ਗੁਰਪਾਲ ਸਿੰਘ ਅਤੇ ਅਮਨ ਦੀਪ ਸਿੰਘ ਜੇਤੂ ਹੀਰੋ ਰਹੇ  । ਇਸ ਤੋਂ ਇਲਾਵਾ ਜਟਾਣਾ ਹਾਕੀ ਕਲੱਬ ਨੇ ਰੋਪੜ ਇਲੈਵਨ ਨੂੰ ਇੱਕ ਕਰੜੇ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ  5-3 ਗੋਲਾਂ  ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਪਾਇਆ।
        ਅੱਜ ਦੇ ਮੈਚਾਂ ਦੌਰਾਨ  ਕੁਲਵੰਤ ਸਿੰਘ ਸਿੱਧੂ ਵਿਧਾਇਕ ਹਲਕਾ ਆਤਮ ਨਗਰ ਲੁਧਿਆਣਾ ਅਤੇ ਅਮਨਦੀਪ ਸਿੰਘ ਮੋਹੀ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ ਆਮ ਆਦਮੀ ਪਾਰਟੀ, ਖੇਡ ਪ੍ਰਮੋਟਰ  ਜਸਪਾਲ ਸਿੰਘ ਮਨੀਲਾ   ਨੇ ਮੁੱਖ ਮਹਿਮਾਨ ਵਜੋਂ  ਵੱਖ ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ   ਅਤੇ ਮੋਹੀ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਦਕਿ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਕਰਨ ਗਿੱਲ ,ਕਬੱਡੀ ਪ੍ਰਮੋਟਰ ਰਾਣਾ ਜੋਧਾਂ , ਸਰਪੰਚ ਹਰਨੇਕ ਸਿੰਘ ਲਾਦੀਆਂ ,ਪਲਵਿੰਦਰ ਸਿੰਘ ਲਾਦੀਆਂ , ਜਗਦੀਪ ਸਿੰਘ ਦਿਓਲ, ਸਾਹਿਬ ਸਿੰਘ ਗਿੱਲ , ਗਗਨ ਗਿੱਲ  , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਹਿਲਵਾਨ ਹਰਮੇਲ ਸਿੰਘ , ਸੰਦੀਪ ਸਿੰਘ ਪੰਧੇਰ  ,ਸਾਹਿਬਜੀਤ ਸਿੰਘ ,ਗੁਰਦੀਪ ਸਿੰਘ ਜਰਖੜ, ਅਮਰ ਸਿੰਘ ਜਰਖੜ, ਗੁਲਜ਼ਾਰਾ ਸਿੰਘ ਜਰਖੜ , ਪਰਮ ਗਿੱਲ ਰਜਿੰਦਰ ਸਿੰਘ ,  ਲਖਵੀਰ ਸਿੰਘ ਜਰਖੜ , ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਕੁਆਰਟਰ ਫਾਈਨਲ ਮੁਕਾਬਲੇ 25 ਮਈ ਦਿਨ ਬੁੱਧਵਾਰ ਨੂੰ ਖੇਡੇ ਜਾਣਗੇ। ਜਿਸ ਵਿਚ ਸੀਨੀਅਰ ਵਰਗ ਦਾ ਪਹਿਲਾ ਮੈਚ  ਬੈਚ ਮੇਟ ਕਲੱਬ ਸਾਹਨੇਵਾਲ ਬਨਾਮ ਰਾਮਪੁਰ ਹਾਕੀ ਸੈਂਟਰ  ਵਿਚਕਾਰ ਸ਼ਾਮ 7 ਵਜੇ ਜਦ ਕਿ ਦੂਸਰਾ ਮੁਕਾਬਲਾ ਕਿਲ੍ਹਾ ਰਾਏਪੁਰ ਬਨਾਮ ਜਟਾਣਾ ਕਲੱਬ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ । ਇਸ ਤੋਂ ਇਲਾਵਾ 2 ਕੁਆਰਟਰ ਫਾਈਨਲ ਮੁਕਾਬਲੇ ਸਬ ਜੂਨੀਅਰ ਵਰਗ ਦੇ ਹੋਣਗੇ , ਸੈਮੀਫਾਈਨਲ  ਮੁਕਾਬਲੇ 28 ਮਈ ਨੂੰ ਅਤੇ ਫਾਈਨਲ ਮੁਕਾਬਲਾ 29 ਮਈ ਨੂੰ  ਖੇਡਿਆ ਜਾਵੇਗਾ  ।

Share