ਜਰਖੜ ਖੇਡਾਂ ‘ਤੇ ਲੋਕ ਗਾਇਕ ਹਰਭਜਨ ਮਾਨ ਦਾ 29 ਜਨਵਰੀ ਨੂੰ ਲੱਗੇਗਾ ਅਖਾੜਾ

9

-8 ਕਬੱਡੀ ਅਕੈਡਮੀਆ ਦੇ ਹੋਣਗੇ ਮੈਚ, 6 ਸ਼ਖਸੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਲੁਧਿਆਣਾ, 24 ਜਨਵਰੀ (ਪੰਜਾਬ ਮੇਲ)- ਕੋਕਾ ਕੋਲਾ, ਏਵਨ ਸਾਈਕਲ ਵੱਲੋਂ ਸਪਾਂਸਰ ਮਾਲਵੇ ਦੀਆਂ ਬਹੁਚਰਚਿਤ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 27-28-29 ਜਨਵਰੀ 2023 ਨੂੰ ਹੋ ਰਹੀਆਂ ਹਨ।
ਇਸ ਮੌਕੇ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਜਰਖੜ ਖੇਡ ਕੰਪਲੈਕਸ ਵਿਖੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਵਿਧਾਇਕ ਜੀਵਨ ਸਿੰਘ ਸੰਗੋਵਾਲ ਜਰਖੜ ਖੇਡਾਂ ਦੇ ਪ੍ਰਬੰਧਕੀ ਚੈਅਰਮੈਨ ਹੋਣਗੇ। ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ‘ਤੇ 29 ਜਨਵਰੀ ਨੂੰ ਜਿੱਥੇ ਲੋਕ ਗਾਇਕ ਹਰਭਜਨ ਮਾਨ ਦਾ ਅਖਾੜਾ ਮੁੱਖ ਖਿੱਚ ਦਾ ਕੇਂਦਰ ਹੋਵੇਗਾ, ਉਥੇ ਫਾਈਨਲ ਸਮਾਰੋਹ ‘ਤੇ ਖੇਡ ਅਤੇ ਸਮਾਜ ਸੇਵਾ ਨਾਲ ਜੁੜੀਆਂ 6 ਸ਼ਖਸੀਅਤ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਵੇਗਾ, ਜਿਸ ਵਿਚ ਨਾਮੀ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਊ ਨੂੰ ”ਪੰਜਾਬ ਦਾ ਮਾਣ ਐਵਾਰਡ”, ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੂੰ ”ਖੇਡ ਸਾਹਿਤ ਐਵਾਰਡ”, ਯੂ ਟਿਓੂਬਰ ਖੋਜੀ ਪੱਤਰਕਾਰ ਗੁਰੀ ਘਰਾਗਣਾ ਨੂੰ ”ਭਗਤ ਪੂਰਨ ਸਿੰਘ ਐਵਾਰਡ”, ਓਲੰਪੀਅਨ ਅਵਨੀਤ ਕੌਰ ਸਿੱਧੂ ਨੂੰ ”ਪੰਜਾਬ ਦੀ ਧੀ ਐਵਾਰਡ”, ਨਰਾਇਣ ਸਿੰਘ  ਗਰੇਵਾਲ ਨੂੰ ਖੇਡ ਪਰਮੋਟਰ ”ਅਮਰਜੀਤ ਗਰੇਵਾਲ ਐਵਾਰਡ”, ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਨੂੰ ”ਮਾਣਕ ਜੋਧਾਂ ਕਬੱਡੀ ਐਵਾਰਡ” ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਇਸ ਵਾਰ ਜਰਖੜ ਖੇਡਾਂ ਵਿਚ ਕਬੱਡੀ  ਓਪਨ, ਕਬੱਡੀ ਨਿਰੋਲ ਇੱਕ ਪਿੰਡ ਓਪਨ, ਹਾਕੀ 6-ਏ ਸਾਈਡ ਲੜਕੇ, ਹਾਕੀ ਲੜਕੀਆਂ 7- ਏ ਸਾਈਡ, ਹਾਕੀ ਅੰਡਰ 14 ਸਾਲ ਮੁੰਡੇ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ, ਜਿਨ੍ਹਾਂ ਵਿਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਅਕੈਡਮੀਆਂ ਦਾ ਕਬੱਡੀ ਕੱਪ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿਚ 29 ਜਨਵਰੀ ਨੂੰ ਹੋਵੇਗਾ। ਧਰਮ ਸਿੰਘ ਜਰਖੜ ਪਿਓੁਰ ਇੱਕ ਪਿੰਡ ਓਪਨ ਦੇ ਮੁਕਾਬਲੇ 28 ਜਨਵਰੀ ਨੂੰ ਹੋਣਗੇ। ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦਾ ਹਾਕੀ ਕੱਪ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦ ਵਿਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਕੱਪ ਅਮਰਜੀਤ ਗਰੇਵਾਲ ਅਤੇ ਬਾਬਾ ਸੁਰਜਨ ਸਿੰਘ ਸਰੀਹ ਦੀ ਯਾਦ ਨੂੰ ਸਮਰਪਿਤ ਹੋਵੇਗਾ। ਵਾਲੀਬਾਲ ਦੇ ਵਿਚ 24 ਟੀਮਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ। ਗੱਦੇ ਵਾਲੀਆਂ ਕੁਸ਼ਤੀਆਂ ਦੇ ਮੁਕਾਬਲੇ ਬਚਨ ਸਿੰਘ ਮੰਡੌਰ ਦੀ ਯਾਦ ਵਿਚ ਕਰਵਾਏ ਜਾਣਗੇ। ਜਦਕਿ ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਦੇ ਮੁੱਖ ਪ੍ਰਬੰਧਕ ਮੋਹਣਾਂ ਜੋਧਾਂ, ਸਾਬੀ ਕੂਨਰ ਕੈਨੇਡਾ, ਮਨਜੀਤ ਚਾਹਿਲ ਸਿਆਟਲ, ਕਰਨੈਲ ਕੈਲ, ਕਰਮਜੀਤ ਸਿੰਘ ਜੋਧਾ ਕੈਲੀਫ਼ੋਰਨੀਆ, ਇੰਦਰਜੀਤ ਫੁੱਲਾਵਾਲ, ਬਲਵਿੰਦਰ ਸਿੰਘ ਮਹਿਦੂਦਪੁਰਾ, ਸਤਵਿੰਦਰ ਸਿੰਘ ਬਿੱਟੂ ਰਣਜੀਤ ਐਵੀਨਿਊ, ਸਤਵਿੰਦਰ ਸਰਾਂ ਅਮਰੀਕਾ, ਕਬੱਡੀ ਸਟਾਰ ਪਾਲਾ ਜਲਾਲਪੁਰ, ਇਕਬਾਲ ਸਿੰਘ ਮਨੀਲਾ, ਜਸਪਾਲ ਸਿੰਘ ਮਨੀਲਾ, ਕੁਲਜੀਤ ਸਿੰਘ ਮਨੀਲਾ, ਹਾਕਮ ਸਿੰਘ ਮਨੀਲਾ, ਹੋਰਾਂ ਦੀ ਪੂਰੀ ਟੀਮ ਤਨ, ਮਨ, ਧਨ ਨਾਲ ਜਰਖੜ ਖੇਡਾਂ ਦੀ ਕਾਮਯਾਬੀ ਲਈ ਸਹਿਯੋਗ ਦੇ ਰਹੇ ਹਨ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ, ਸਿਟੀ ਯੂਨੀਵਰਸਿਟੀ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਜੇਤੂ ਖਿਡਾਰੀਆਂ ਨੂੰ 50 ਏਵਨ ਸਾਈਕਲ ਅਤੇ ਕਬੱਡੀ ਆਲ ਓਪਨ ਦੀ ਜੇਤੂ ਟੀਮ ਨੂੰ 1:50 ਲੱਖ ਰੁਪਏ ਦੀ ਇਨਾਮੀ ਰਾਸ਼ੀ, ਉਪ ਜੇਤੂ ਨੂੰ 1 ਲੱਖ ਰੁਪਏ, ਕਬੱਡੀ ਨਿਰੋਲ ਇੱਕ ਪਿੰਡ ਓਪਨ, ਹਾਕੀ ਦੀਆਂ ਮੁੰਡੇ-ਕੁੜੀਆਂ ਦੀਆਂ ਜੇਤੂ ਟੀਮਾਂ ਨੂੰ 35-35 ਹਜ਼ਾਰ, ਉਪ ਜੇਤੂ ਨੂੰ 25-25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਮੀਟਿੰਗ ਵਿਚ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਦੇਪਿੰਦਰ ਸਿੰਘ  ਡਿੰਪੀ, ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ,  ਬਲਬੀਰ ਸਿੰਘ ਹੀਰ, ਪ੍ਰੋ. ਰਜਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਗੁਰਸਤਿੰਦਰ ਸਿੰਘ ਪਰਗਟ, ਪੰਮਾ ਗਰੇਵਾਲ, ਸਾਹਿਬਜੀਤ ਸਿੰਘ ਜਰਖੜ, ਜਸਮੇਲ ਸਿੰਘ ਨੋਕਵਾਲ, ਸਿੰਗਾਰਾ ਸਿੰਘ ਜਰਖੜ, ਰਜਿੰਦਰ ਸਿੰਘ ਜਰਖੜ, ਲਖਵੀਰ ਸਿੰਘ ਜਰਖੜ, ਦਲਬੀਰ ਸਿੰਘ ਜਰਖੜ, ਮਨਜਿੰਦਰ ਸਿੰਘ ਇਯਾਲੀ, ਸੰਦੀਪ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ”ਤੇ ਹਾਜ਼ਰ ਸਨ।