ਜਨਵਰੀ ਵਿੱਚ ਦੋ ਲੱਖ ਕੈਨੇਡੀਅਨ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ 

260
Share

ਬੇਰੁਜ਼ਗਾਰੀ ਦੀ ਦਰ ਵਧ ਕੇ 6.5 ਪ੍ਰਤੀਸ਼ਤ ਹੋਈ 
ਸਰੀ, 4 ਫ਼ਰਵਰੀ (ਹਰਦਮ ਸਿੰਘ ਮਾਨ/ਪੰਜਾਬ ਮੇਲ)-ਓਮੀਕਰੋਨ ਦੇ ਫੈਲਣ ਕਾਰਨ ਕੈਨੇਡਾ ਵਿੱਚ ਲਗਪਗ ਦੋ ਲੱਖ ਲੋਕਾਂ ਨੂੰ ਜਨਵਰੀ ਮਹੀਨੇ ਵਿਚ ਆਪਣੀਆਂ ਨੌਕਰੀਆਂ ਗੁਆਉਣੀਆਂ ਪਈਆਂ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਸੰਬੰਧੀ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਹੁਣ ਬੇਰੁਜ਼ਗਾਰੀ ਦੀ ਦਰ 6.5 ਫ਼ੀਸਦੀ ਹੋ ਗਈ ਹੈ ਜਦੋਂਕਿ ਦਸੰਬਰ 2021 ਵਿੱਚ ਇਹ ਦਰ 6 ਪ੍ਰਤੀਸ਼ਤ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਨਵਰੀ 2021 ਵਿਚ ਵੀ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਚਲੀ ਗਈ ਸੀ।
ਤਾਜ਼ਾ ਅੰਕੜਿਆਂ ਅਨੁਸਾਰ ਨੋਕਰੀਆਂ ਖੁੱਸਣ ਦੀ ਸਭ ਤੋਂ ਵੱਧ ਮਾਰ ਓਨਟਾਰੀਓ ਤੇ ਕਿਊਬਿਕ ਸੂਬਿਆਂ ਵਿਚ ਪਈ ਹੈ। ਵਰਨਣਯੋਗ ਹੈ ਕਿ ਇਨ੍ਹਾਂ ਦੋਨਾਂ ਸੂਬਿਆਂ ਵਿਚ ਕੋਰੋਨਾ ਨੂੰ ਠੱਲ੍ਹ ਪਾਉਣ ਵਾਸਤੇ ਸਭ ਤੋਂ ਜ਼ਿਆਦਾ ਸਖ਼ਤ ਕਦਮ ਚੁੱਕੇ ਗਏ ਸਨ।  ਸਟੈਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਜਿਹੜੇ ਬਿਜਨੈਸ ਸਭ ਤੋਂ ਜ਼ਿਆਦਾ ਜੋ ਪ੍ਰਭਾਵਿਤ ਹੋਏ ਹਨ ਉਨ੍ਹਾਂ ਵਿੱਚ ਫੂਡ ਸਰਵਿਸਿਜ਼ ਅਤੇ ਅਕਾਮੋਡੇਸ਼ਨ ਦਾ ਬਿਜ਼ਨੈਸ ਸ਼ਾਮਲ ਹਨ। ਇਸ ਬੇਰੁਜ਼ਗਾਰੀ ਦਾ ਸਭ ਤੋਂ ਜ਼ਿਆਦਾ ਅਸਰ ਨੌਜਵਾਨਾਂ ਅਤੇ ਔਰਤਾਂ ਉੱਪਰ ਪਿਆ ਹੈ।
ਇਸੇ ਦੌਰਾਨ ਬੀ ਸੀ ਦੇ ਮਨਿਸਟਰ ਆਫ਼ ਜੌਬਸ, ਇਕੋਨੌਮਿਕ ਰਿਕਵਰੀ ਐਂਡ ਇਨੋਵੇਸ਼ਨ ਰਵੀ ਕਾਹਲੋਂ ਦਾ ਕਹਿਣਾ ਹੈ ਕਿ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ  ਜਨਵਰੀ ਮਹੀਨੇ ਵਿਚ ਬੀ ਸੀ ਵਿੱਚ ਬੇਰੁਜ਼ਗਾਰੀ ਦੀ ਦਰ 5.1 ਪ੍ਰਤੀਸ਼ਤ ਤੇ ਪਹੁੰਚ ਗਈ ਹੈ ਜੋ ਕਿ ਮਹਾਂਮਾਰੀ ਤੋਂ ਪਹਿਲਾਂ ਅਰਥਾਤ ਫਰਵਰੀ 2020 ਦੇ ਪੱਧਰ ਤੇ ਆ ਗਈ ਹੈ  ਅਤੇ ਬੇਰੁਜ਼ਗਾਰੀ ਦੀ ਇਹ ਦਰ ਕੈਨੇਡਾ ਵਿਚ ਸਭ ਤੋਂ ਘੱਟ ਹੈ।


Share