ਜਨਮੇਜਾ ਸਿੰਘ ਜੌਹਲ ਦੀ ਪਤਨੀ ਨਰਿੰਦਰ ਕੌਰ ਜੌਹਲ ਦਾ ਕੋਰੋਨਾ ਨਾਲ ਦਿਹਾਂਤ

668
Share

* ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਸਨ ਦਾਖ਼ਲ
ਲੁਧਿਆਣਾ, 22 ਅਪ੍ਰੈਲ (ਪੰਜਾਬ ਮੇਲ)-ਬਠਿੰਡਾ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਸਰਦਾਰਾ ਸਿੰਘ ਜੌਹਲ ਦੀ ਨੂੰਹ ਅਤੇ ਸਾਹਿਤਕਾਰ ਲੇਖਕ ਅਤੇ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ ਦੀ ਪਤਨੀ ਦਾ ਵੀਰਵਾਰ 11.30 ਵਜੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਹ ਪਿਛਲੇ ਪੰਦਰਾਂ ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਸਨ। ਉਹ ਦਸੰਬਰ 2020 ਵਿਚ ਰਾਮਗੜ੍ਹੀਆ ਐਲੀਮੈਂਟਰੀ ਸਕੂਲ ਮਿੱਲਰ ਗੰਜ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਇਕ ਬੇਟਾ ਅਤੇ ਇਕ ਬੇਟੀ ਹੈ ਅਤੇ ਦੋਵੇਂ ਬੱਚੇ ਵਿਆਹੇ ਹੋਏ ਹਨ। ਬੇਟਾ ਸਰਫਰਾਜ ਸਿੰਘ ਜੌਹਲ ਆਸਟਰੇਲੀਆ ਵਿਚ ਹੈ।
ਲੇਖਕ ਰਣਜੋਧ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਰਿੰਦਰ ਕੌਰ ਦਾ ਅੰਤਿਮ ਸਸਕਾਰ ਤਿੰਨ ਵਜੇ ਦੇ ਕਰੀਬ ਢੋਲੇਵਾਲ ਦੇ ਸ਼ਮਸ਼ਾਨਘਾਟ ਵਿਖੇ ਕੋਵਿਡ ਟੀਮ ਵੱਲੋਂ ਕੀਤਾ ਜਾਵੇਗਾ। ਰਣਜੋਧ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਹ ਆਪਣੇ ਵਿਆਹ ਵੇਲੇ ਦਸਵੀਂ ਪਾਸ ਹੀ ਸਨ ਪਰ ਸਰਦਾਰਾ ਸਿੰਘ ਜੌਹਲ ਨੇ ਆਪਣੀ ਨੂੰਹ ਨਰਿੰਦਰ ਕੌਰ ਨੂੰ ਧੀਆਂ ਵਾਂਗ ਅੱਗੇ ਪੜ੍ਹਾਇਆ। ਪਹਿਲਾਂ ਬੀ.ਏ. ਕਰਵਾਈ ਐੱਮ.ਏ. ਕਰਵਾਈ ਅਤੇ ਫਿਰ ਬੀ.ਐੱਡ। ਮਸ਼ਹੂਰ ਲੇਖਕ ਗੁਰਭਜਨ ਸਿੰਘ ਗਿੱਲ ਨੇ ਨਰਿੰਦਰ ਕੌਰ ਜੌਹਲ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Share