ਜਦੋਂ ਸ਼ੱਕੀ ਆਦਮੀ ਨੇ ਪੁਲਿਸ ਦੇ ਸੂਹੀਆ ਕੁੱਤੇ ਦੇ ਦੰਦੀ ਵੱਢੀ…

552
Share

ਸਰੀ, 27 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਅੱਜ ਵੈਨਕੂਵਰ ਵਿਚ ਵਾਪਰੀ ਇਕ ਘਟਨਾ ਵਿਚ ਇਕ ਸ਼ੱਕੀ ਆਦਮੀ ਨੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਦੇ ਇੱਕ ਕੁੱਤੇ ਨੂੰ ਦੰਦੀ ਵੱਢ ਦਿੱਤੀ। ਬਾਅਦ ਵਿਚ ਕੁੱਤੇ ਨੇ ਵੀ ਬਦਲਾ ਲੈ ਲਿਆ ਅਤੇ ਉਸ ਆਦਮੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਇਹ ਘਟਨਾ ਅੱਜ ਸਵੇਰੇ ਵਾਪਰੀ ਜਦੋਂ ਵੈਨਕੂਵਰ ਡਾਊਨਟਾਊਨ ਈਸਟਸਾਈਡ ਦੇ ਇੱਕ ਸੋਸ਼ਲ ਹਾਊਸਿੰਗ ਕੰਪਲੈਕਸ ਵਿਚ ਪੁਲਿਸ ਨੂੰ ਸਵੇਰੇ ਸੱਦਿਆ ਗਿਆ ਜਿੱਥੇ ਔਰਤਾਂ ਅਤੇ ਬੱਚੇ ਰਹਿ ਰਹੇ ਸਨ। ਉਸ ਆਦਮੀ ਨੇ ਕਥਿਤ ਤੌਰ ‘ਤੇ ਕਈ ਲੋਕਾਂ ਨੂੰ ਧਮਕਾਇਆ ਅਤੇ ਇੱਕ ਨਿਵਾਸੀ ਦੇ ਦਰਵਾਜੇ ‘ਤੇ ਲੱਤਾਂ ਮਾਰੀਆਂ ਸਨ।

ਜਦ ਪੁਲਿਸ ਉਥੇ ਪਹੁੰਚੀ ਤਾਂ ਸ਼ੱਕੀ ਮੌਕੇ ਤੋਂ ਭੱਜ ਗਿਆ ਪਰ ਜਲਦੀ ਹੀ ਉਸ ਨੂੰ ਕੀਫਰ ਅਤੇ ਐਬਟ ਸਟ੍ਰੀਟਸ ਕੋਲ ਟਰੈਕ ਕਰ ਲਿਆ ਗਿਆ। ਉਸ ਨੇ ਕਥਿਤ ਤੌਰ ‘ਤੇ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੇ ਸਰਵਿਸ ਡੌਗ ‘ਮੈਂਡੋ’ ਦੇ ਦੰਦੀ ਵੱਢ ਦਿੱਤੀ। ਇਸੇ ਦੌਰਾਨ ਪੁਲਿਸ ਡੌਗ ਨੇ ਵੀ ਸ਼ੱਕੀ ਨੂੰ ਵੱਢਿਆ ਅਤੇ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ਵਿਚ ਲੇ ਕੇ ਹਸਪਤਾਲ ਪੁਚਾਇਆ।


Share