ਜਗਤਾਰ ਸਿੰਘ ਹਵਾਰਾ ਖਿਲਾਫ ਚੱਲ ਰਹੇ ਕੇਸਾਂ ਦੀ ਸੂਚੀ ਤਿਆਰ ਕਰਨ ਲਈ ਦਿੱਲੀ ਹਾਈਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਕੀਤੇ ਹੁਕਮ ਜਾਰੀ

332
Share

ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਮੇਲ)- ਜਗਤਾਰ ਸਿੰਘ ਹਵਾਰਾ ਖਿਲਾਫ ਚੱਲ ਰਹੇ ਕੇਸਾਂ ਦੀ ਸੂਚੀ ਤਿਆਰ ਕਰਨ ਲਈ ਦਿੱਲੀ ਹਾਈਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਹਨ। ਦਰਅਸਲ ਹਵਾਰਾ ਨੇ ਹਾਈਕੋਰਟ ‘ਚ ਮੰਗ ਕੀਤੀ ਸੀ ਕਿ ਉਸ ਖਿਲਾਫ ਬਕਾਇਆ ਕੇਸਾਂ ਦੇ ਵੇਰਵੇ ‘ਚ ਸੁਧਾਰ ਕੀਤੇ ਜਾਣ ਸਬੰਧੀ ਜੇਲ੍ਹ ਵਿਭਾਗ ਨੂੰ ਆਦੇਸ਼ ਦਿੱਤੇ ਜਾਣ।

ਜਗਾਤਰ ਸਿੰਘ ਹਵਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹਵਾਰਾ ਦਾ ਇਲਜ਼ਾਮ ਹੈ ਕਿ ਜੇਲ੍ਹ ਵਿਭਾਗ ਵੱਲੋਂ ਉਸ ਦੇ ਰਿਕਾਰਡ ਬਾਰੇ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਹ ਪੈਰੋਲ ਦੀ ਅਰਜ਼ੀ ਦਾਇਰ ਨਹੀਂ ਕਰ ਸਕਦਾ।

ਜਗਤਾਰ ਸਿੰਘ ਹਵਾਰਾ ਖਿਲਾਫ ਕਈ ਕੇਸ ਦਿੱਲੀ ਤੋਂ ਬਾਹਰਲੀਆਂ ਅਦਾਲਤਾਂ ‘ਚ ਵੀ ਚੱਲ ਰਹੇ ਹਨ ਜਿਸ ਕਾਰਨ ਉਸ ਨੂੰ ਸੁਣਵਾਈ ਦੌਰਾਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਲ੍ਹ ਵਿਭਾਗ ਵੱਲੋਂ ਪੇਸ਼ ਹੋਏ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਨੂੰ ਦੱਸਿਆ ਹਵਾਰਾ ਖਿਲਾਫ 37 ਕੇਸ ਹਨ। ਉਨ੍ਹਾਂ ਕਿਹਾ ਹਵਾਰਾ ਦੇ ਸਾਰੇ ਕੇਸਾਂ ਦੀ ਤਾਜ਼ਾ ਸਥਿਤੀ ਬਾਰੇ ਸੂਚੀ ਬਣਾਉਣ ਦੇ ਪੂਰੇ ਯਤਨ ਕੀਤੇ ਜਾਣਗੇ।

ਵਕੀਲਾਂ ਨੇ ਅਦਾਲਤ ਨੇ ਚਾਰ ਹਫਤੇ ਦਾ ਸਮਾਂ ਮੰਗਿਆ ਹੈ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਏਜੇ ਬੰਭਾਨੀ ਨੇ ਕਿਹਾ ਅਗਲੀ ਸੁਣਵਾਈ ਤੋਂ ਪਹਿਲਾਂ ਸੁਧਾਰ ਕੀਤੀ ਸੂਚੀ ਤਿਆਰ ਕਰਕੇ ਹਵਾਰਾ ਨੂੰ ਦਿੱਤੀ ਜਾਵੇ ਤੇ ਇਸ ਦੀ ਇਕ ਕਾਪੀ ਅਦਾਲਤ ਨੂੰ ਵੀ ਸੌਂਪੀ ਜਾਵੇ। ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ।

ਹਵਾਰਾ ਵੱਲੋਂ ਦਾਇਰ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਅਥਾਰਿਟੀ ਦਸਤਾਵੇਜ਼ਾਂ ਦੇ ਆਧਾਰ ‘ਤੇ ਜੇਲ੍ਹ ਰਿਕਾਰਡ ‘ਚ ਸੁਧਾਰ ਨਹੀਂ ਕਰ ਰਹੀ। ਇਸ ਲਈ ਉਹ ਆਪਣੀ ਰਿਹਾਈ ਲਈ ਕੋਈ ਵੀ ਯਤਨ ਨਹੀਂ ਕਰ ਪਾ ਰਿਹਾ।


Share