ਛੋਟੇ ਅਪਰਾਧਾਂ ਲਈ 30 ਜੂਨ ਤੱਕ ਮੁਲਜ਼ਮਾਂ ਨੂੰ ਨਾ ਕਰੋ ਗਿ੍ਰਫ਼ਤਾਰ : ਹਾਈਕੋਰਟ

115
Share

ਚੰਡੀਗੜ੍ਹ, 29 ਅਪ੍ਰੈਲ (ਪੰਜਾਬ ਮੇਲ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮਹੱਤਵਪੂਰਨ ਹੁਕਮ ਜਾਰੀ ਕੀਤੇ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਜਾਰੀ ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵਧ ਰਹੀ ਇਨਫੈਕਸ਼ਨ ਕਾਰਨ ਅਦਾਲਤਾਂ ਨਿਯਮਿਤ ਤੌਰ ’ਤੇ ਕੰਮ ਨਹੀਂ ਕਰ ਪਾ ਰਹੀਆਂ। ਇਸ ਕਾਰਨ 30 ਜੂਨ ਤੱਕ ਛੋਟੇ-ਮੋਟੇ ਅਪਰਾਧਾਂ ਵਿਚ ਜਦੋਂ ਤੱਕ ਕਾਨੂੰਨ ਵਿਵਸਥਾ ਦਾ ਸੰਕਟ ਨਾ ਹੋਵੇ ਗਿ੍ਰਫ਼ਤਾਰੀਆਂ ਨਾ ਕੀਤੀਆਂ ਜਾਣ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਇਸ ਮਾਮਲੇ ਵਿਚ ਮੁਸ਼ਕਿਲ ਹੋਵੇ ਤਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਕੇਂਦਰ ਜਵਾਬ ਦਾਇਰ ਕਰ ਸਕਦੇ ਹਨ।
ਚੀਫ ਜਸਟਿਸ ਰਵੀ ਸ਼ੰਕਰ ਝਾਅ ਤੇ ਜਸਟਿਸ ਸੁਵੀਰ ਸਹਿਗਲ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਹਾਲਾਤ ਬੇਹੱਦ ਨਾਜ਼ੁਕ ਹਨ, ਅਜਿਹੇ ਵਿਚ ਜਦੋਂ ਤੱਕ ਜ਼ਰੂਰੀ ਨਾ ਹੋਵੇ, ਉਦੋਂ ਤੱਕ ਲੋਕ ਅਦਾਲਤ ਵਿਚ ਨਾ ਆਉਣ। ਦਰਅਸਲ ਮੱਧ ਪ੍ਰਦੇਸ਼ ਹਾਈਕੋਰਟ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਹ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਰਜਿਸਟਰੀ ਨੂੰ ਇਨ੍ਹਾਂ ਆਦੇਸ਼ਾਂ ਬਾਰੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪੁਲਿਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਤੇ ਇਨ੍ਹਾਂ ਸੂਬਿਆਂ ਤੇ ਯੂ.ਟੀ. ਦੀਆਂ ਸਾਰੀਆਂ ਅਦਾਲਤਾਂ, ਟਿ੍ਰਬਿਊਨਲਾਂ ਆਦਿ ਨੂੰ ਜਾਣਕਾਰੀ ਦੇਣ ਦੇ ਹੁਕਮ ਦਿੰਦਿਆਂ ਇਸ ਮਾਮਲੇ ਦੀ ਸੁਣਵਾਈ 30 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ’ਚ ਹਾਈ ਕੋਰਟ ਨੂੰ ਸਹਿਯੋਗ ਦਿੱਤੇ ਜਾਣ ਲਈ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੂੰ ਕੋਰਟ ਮਿੱਤਰ ਵੀ ਨਿਯੁਕਤ ਕਰ ਦਿੱਤਾ ਹੈ।

Share