ਚੱਕਾ ਜਾਮ : ਪੰਜਾਬ ’ਚ 400 ਤੋਂ ਵੱਧ ਥਾਵਾਂ ’ਤੇ ਆਵਾਜਾਈ ਰੋਕੀ

573
Share

ਚੰਡੀਗੜ੍ਹ , 7 ਫਰਵਰੀ (ਪੰਜਾਬ ਮੇਲ)- ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਕੀਤੇ ਗੲੇ ਚੱਕਾ ਜਾਮ ਨੂੰ ਪੰਜਾਬ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ। ਸੂਬੇ ਦੀਆਂ ਸਮੁੱਚੀਆਂ ਸੜਕਾਂ ’ਤੇ ਦੁਪਹਿਰ 12 ਤੋਂ 3 ਵਜੇ ਤੱਕ ਲੋਕ ਜੁੜੇ ਰਹੇ। ਸ਼ਹਿਰਾਂ ਅੰਦਰ ਵੀ ਹਰ ਵਰਗ ਦੇ ਲੋਕਾਂ ਨੇ ਕਿਸਾਨਾਂ ਦੀ ਹਮਾਇਤ ’ਚ ਇਕੱਠ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ 400 ਦੇ ਕਰੀਬ ਥਾਵਾਂ ’ਤੇ ਕੌਮੀ ਮਾਰਗਾਂ, ਰਾਜਮਾਰਗਾਂ ਅਤੇ ਜ਼ਿਲ੍ਹਾ ਪੱਧਰ ਦੀਆਂ ਸੜਕਾਂ ’ਤੇ ਆਵਾਜਾਈ ਠੱਪ ਕੀਤੀ ਗਈ। ਰੋਸ ਪ੍ਰਦਰਸ਼ਨਾਂ ਵਿੱਚ ਟਰਾਂਸਪੋਰਟਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵਪਾਰੀਆਂ ਨੇ ਸਹਿਯੋਗ ਕਰਦਿਆਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਧਰਨਾਕਾਰੀਆਂ ਵੱਲੋਂ ਲਾਂਘਾ ਦਿੱਤਾ ਗਿਆ। ਸੜਕਾਂ ’ਤੇ ਜਾਮ ’ਚ ਫਸੇ ਯਾਤਰੀਆਂ ਅਤੇ ਡਰਾਈਵਰਾਂ ਲਈ ਕਿਸਾਨਾਂ ਵੱਲੋਂ ਜ਼ਿਆਦਾਤਰ ਥਾਵਾਂ ’ਤੇ ਲੰਗਰ ਦਾ ਪ੍ਰਬੰਧ ਵੀ ਕੀਤਾ  ਗਿਆ ਸੀ। ਧਰਨਾ-ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਚੱਕਾ ਜਾਮ ਨੂੰ ਦੇਸ਼ ਦੇ ਹਰ ਵਰਗ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਤੋਂ ਮੋਦੀ ਸਰਕਾਰ ਨੂੰ ਚਾਨਣਾ ਹੋ ਜਾਣਾ ਚਾਹੀਦਾ ਹੈ ਕਿ ਲੋਕ ਸਰਕਾਰ ਦਾ ਘੁਮੰਡ ਤੋੜਨ ਲਈ ਇਕਜੁੱਟ ਹੋ ਚੁੱਕੇ ਹਨ। ਇਸ ਲਈ ਖੇਤੀ ਕਾਨੂੰਨ ਵਾਪਸ ਲੈਣ ’ਚ ਹੀ ਸਰਕਾਰ ਦੀ ਭਲਾਈ ਹੈ। ਕਿਸਾਨ ਘੋਲ ’ਚ ਲਗਾਤਾਰ ਆ ਰਹੀ ਪੰਜਾਬ ਦੀ ਵਸਨੀਕ ਦਿੱਲੀ ਦੀ ਮਜ਼ਦੂਰ ਆਗੂ ਨੌਦੀਪ ਗੰਧੜ ਉੱਤੇ ਧਾਰਾ 307 ਵਰਗਾ ਸੰਗੀਨ ਕੇਸ ਮੜ੍ਹ ਕੇ ਥਾਣੇ ਅੰਦਰ ਬੇਤਹਾਸ਼ਾ ਤਸ਼ੱਦਦ ਕਰਨ ਮਗਰੋਂ ਜੇਲ੍ਹ ਵਿੱਚ ਡੱਕਣ ਦੀ ਸਖ਼ਤ ਨਿਖੇਧੀ ਕਰਦਿਆਂ ਉਸ ਨੂੰ ਵੀ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰੀ ਸਾਜ਼ਿਸ਼ ਨੂੰ ਚਕਨਾਚੂਰ ਕਰਨ ਲਈ ਖਾਲਿਸਤਾਨੀ ਜਾਂ ਹੋਰ ਫਿਰਕਾਪ੍ਰਸਤ ਤੱਤਾਂ ਨਾਲੋਂ ਵੀ ਮੁਕੰਮਲ ਨਿਖੇੜਾ ਕੀਤਾ ਜਾਣਾ ਚਾਹੀਦਾ ਹੈ।

Share