ਚੰਨੀ ਪੰਜਾਬ ’ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ

170
Share

ਲੁਧਿਆਣਾ,  6 ਫਰਵਰੀ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਲਈ ਚੋਣ ਮੈਦਾਨ ਭਖਣ ਦੇ ਨਾਲ ਹੀ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਵਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਦਿੱਤਾ ਗਿਆ ਹੈ। ਇਸ ਲਈ ਬਕਾਇਦਾ ਰਾਹੁਲ ਗਾਂਧੀ ਅੱਜ ਲੁਧਿਆਣਾ ਪਹੁੰਚੇ ਅਤੇ ਵਰਚੁਅਲ ਰੈਲੀ ਕੀਤੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ, ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ।ਇਸ ਉਪਰੰਤ ਰਾਹੁਲ ਗਾਂਧੀ ਰੈਲੀ ਵਾਲੀ ਥਾਂ ’ਤੇ ਪਹੁੰਚੇ ਅਤੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਦਾ ਐਲਾਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੀਰਿਆਂ ਨਾਲ ਭਰੀ ਪਈ ਹੈ ਅਤੇ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਕੰਮ ਸੌਂਪਿਆ ਹੈ। ਰਾਹੁਲ ਨੇ ਕਿਹਾ ਕਿ ਸਟੇਜ ’ਤੇ ਭਾਂਸ਼ਣ ਦੇਣਾ ਸੌਖਾ ਹੈ ਪਰ ਡੂੰਘਾਈ ਨਾਲ ਦੇਖੋ ਤਾਂ ਇਕ ਆਗੂ ਦੀ ਸੱਚਾਈ ਲੁੱਕ ਨਹੀਂ ਸਕਦੀ। ਮੈਂ ਮੁੱਖ ਮੰਤਰੀ ਚਿਹਰਾ ਨਹੀਂ ਚੁਣਿਆ। ਮੈਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ। ਉਮੀਦਵਾਰਾਂ ਅਤੇ ਵਰਕਰਾਂ, ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਪੁੱਛਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੁਦ ਆਪਣਾ ਨੇਤਾ ਚੁਨਣਾ ਚਾਹੀਦਾ ਹੈ। ਮੈਂ ਸਿਰਫ ਸਲਾਹ ਦੇ ਸਕਦਾ ਹਾਂ ਪਰ ਪੰਜਾਬ ਦਾ ਫ਼ੈਸਲਾ ਜ਼ਿਆਦਾ ਜ਼ਰੂਰੀ ਹੈ। ਪੰਜਾਬ ਨੇ ਕਿਹਾ ਕਿ ਸਾਨੂੰ ਗਰੀਬ ਘਰ ਦਾ ਮੁੱਖ ਮੰਤਰੀ ਚਾਹੀਦਾ ਹੈ। ਜਿਹੜਾ ਭੁੱਖ ਅਤੇ ਗਰੀਬੀ ਨੂੰ ਸਮਝੇ, ਪੰਜਾਬ ਨੂੰ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਖੂਨ ਵਿਚ ਪੰਜਾਬ ਹੈ। ਉਹ ਸਿੱਧੂ ਨੂੰ ਸਕੂਲ ਵਿਚ ਮਿਲੇ ਸਨ। ਰਾਜਵਿੰਦਰ ਪਬਲਿਕ ਸਕੂਲ ਵਿਚ ਸਵੇਰੇ 8 ਵਜੇ ਕ੍ਰਿਕਟ ਮੈਚ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਸਿੱਧੂ ਨੂੰ ਦੇਖਿਆ ਸੀ। ਉਨ੍ਹਾਂ ਨੇ ਉਦੋਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਇਸ ਵਿਅਕਤੀ ਵਿਚ ਗੱਲਬਾਤ ਹੈ।


Share