ਚੰਨੀ ਅਤੇ ਸਿੱਧੂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਬਾਰੇ ਹਾਈਕਮਾਨ ਨਾਲ ਮੁਲਾਕਾਤ

116
Share

ਚੰਡੀਗੜ੍ਹ, 23 ਨਵੰਬਰ (ਪੰਜਾਬ ਮੇਲ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਦਿੱਲੀ ’ਚ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕੀਤੀ। ਇਸ ਮੌਕੇ ਹੀ ਕਾਂਗਰਸ ਹਾਈਕਮਾਨ ਨੇ ਪੰਜ ਸੂਬਿਆਂ ਦੀ ਮੀਟਿੰਗ ਵੀ ਬੁਲਾਈ ਹੋਈ ਸੀ, ਜਿਸ ਵਿਚ ਹਾਈਕਮਾਨ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਹੈ। ਸ਼ਾਮ ਵੇਲੇ ਚੰਨੀ ਤੇ ਸਿੱਧੂ ਨੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ ਨਾਲ ਹੋਈ। ਇਸ ਮੀਟਿੰਗ ਵਿਚ ‘ਮਿਸ਼ਨ ਪੰਜਾਬ’ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਚੰਨੀ ਤੇ ਸਿੱਧੂ ਇਕੱਠੇ ਮਿਲਣੀ ਕਰਕੇ ਹਾਈਕਮਾਂਡ ਨੂੰ ਹੁਣ ਸਭ ਕੁਝ ਸੁਖਾਵਾਂ ਹੋਣ ਦਾ ਸੁਨੇਹਾ ਵੀ ਦਿੱਤਾ। ਮੀਟਿੰਗ ’ਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹਾਜ਼ਰ ਸਨ। ਪਤਾ ਲੱਗਾ ਹੈ ਕਿ ਚੰਨੀ ਤੇ ਸਿੱਧੂ ਪੰਜ ਸੂਬਿਆਂ ਦੀ ਮੀਟਿੰਗ ’ਚ ਵੀ ਸ਼ਾਮਲ ਹੋਏ ਹਨ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਨਰਲ ਸਕੱਤਰ ਵੇਣੂਗੋਪਾਲ ਨੂੰ 18 ਨੁਕਾਤੀ ਏਜੰਡੇ ’ਤੇ ਕੀਤੇ ਕੰਮ ਤੋਂ ਜਾਣੂ ਕਰਾਇਆ ਅਤੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਰੱਖਿਆ। ਇਸ ਮੌਕੇ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਸਿੱਧੂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ’ਤੇ ਚਰਚਾ ਕੀਤੀ ਅਤੇ ਹਾਈਕਮਾਂਡ ਨੇ ਇਸ ਸੂਚੀ ਨੂੰ ਅੰਤਿਮ ਛੋਹਾਂ ਦਿੱਤੀਆਂ। ਚੰਨੀ ਤੇ ਸਿੱਧੂ ਹੁਣ ਲੋਕਾਂ ਨੂੰ ਸੁਰ-ਤਾਲ ਮਿਲੇ ਹੋਣ ਦਾ ਪ੍ਰਗਟਾਵਾ ਵੀ ਕਰ ਰਹੇ ਹਨ।

Share