ਚੰਡੀਗੜ ਤੋਂ ਜਲਦ ਸ਼ੁਰੂ ਹੋਣਗੀਆਂ ਕੈਨੇਡਾ, ਅਮਰੀਕਾ ਸਣੇ ਕਈ ਮੁਲਕਾਂ ਲਈ ਸਿੱਧੀਆਂ ਉਡਾਣਾਂ : ਹਰਦੀਪ ਸਿੰਘ ਪੁਰੀ

764
ਚੰਡੀਗੜ, 5 ਅਕਤੂਬਰ (ਪੰਜਾਬ ਮੇਲ)- ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੈਨੇਡਾ, ਅਮਰੀਕਾ ਸਣੇ ਕਈ ਮੁਲਕਾਂ ਲਈ ਚੰਡੀਗੜ ਤੋਂ ਜਲਦ ਹੀ ਸਿੱਧੀਆਂ ਉਡਾਣਾ ਸ਼ੁਰੂ ਹੋਣ ਦਾ ਦਾਅਵਾ ਕੀਤਾ ਹੈ। ਹਰਦੀਪ ਸਿੰਘ ਪੁਰੀ ਖੇਤੀ ਕਾਨੂੰਨਾਂ ਸਬੰਧੀ ਮੋਦੀ ਸਰਕਾਰ ਦਾ ਪੱਖ ਸਾਂਝਾ ਕਰਨ ਲਈ ਚੰਡੀਗੜ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਸੈਕਟਰ-37 ‘ਚ ਭਾਜਪਾ ਦੇ ਦਫਤਰ ‘ਚ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ ਕੌਮਾਂਤਰੀ ਹਵਾਈ ਅੱਡੇ ਤੋਂ ਜਲਦ ਹੀ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਸਬੰਧੀ ਵੀ ਬਿਆਨ ਦਿੱਤਾ।

ਪੁਰੀ ਨੇ ਦੱਸਿਆ ਕਿ ਉਹ ਜਲਦ ਹੀ ਹਵਾਈ ਕੰਪਨੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਚੰਡੀਗੜ ਤੋਂ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਯੂਰਪ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸਬੰਧ ਹੱਲਾਸ਼ੇਰੀ ਦੇਣਗੇ। ਇਸ ਦੇ ਲਈ ਜਲਦ ਹੀ ਇਕ ਮੀਟਿੰਗ ਬੁਲਾਈ ਜਾਵੇਗੀ, ਜਿਸ ‘ਚ ਏਅਰਪੋਰਟ ਮੈਨੇਜਮੈਂਟ, ਪ੍ਰਸ਼ਾਸਨ ਤੇ ਪਾਰਟੀ ਨੇਤਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਚੰਡੀਗੜ ਭਾਜਪਾ ਸੂਬਾ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਪਿਛਲੇ ਮਹੀਨੇ ਪਾਰਟੀ ਵੱਲੋਂ ਇਕ ਵੈਬੀਨਾਰ ਕਰਵਾਇਆ ਗਿਆ ਸੀ, ਜਿਸ ‘ਚ ਮੁੱਖ ਬੁਲਾਰੇ ਹਰਦੀਪ ਸਿੰਘ ਪੁਰੀ ਸਨ। ਇਸ ਦੌਰਾਨ ਉਨ੍ਹਾਂ ਨੇ ਨਾਗਰਿਕ ਹਵਾਬਾਜ਼ੀ ਮੰਤਰੀ ਨਾਲ ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਗੱਲ ਕੀਤੀ ਸੀ। ਉਦੋਂ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਛੇਤੀ ਹੀ ਇਸ ਦਿਸ਼ਾ ‘ਚ ਵਧੀਆ ਯੋਜਨਾ ਤਿਆਰ ਕਰਨਗੇ। ਮੰਤਰੀ ਹਰਦੀਪ ਸਿੰਘ ਪੁਰੀ ਨੇ ਚੰਡੀਗੜ ਕੌਮਾਂਤਰੀ ਹਵਾਈ ਅੱਡੇ ‘ਤੇ ਦੋ ਪੈਸੇਂਜਰ ਬੋਰਡਿੰਗ ਬ੍ਰਿਜ ਦਾ ਉਦਘਾਟਨ ਵੀ ਕੀਤਾ। ਸਾਢੇ 10 ਕਰੋੜ ਦੀ ਲਾਗਤ ਨਾਲ ਬਣੇ ਇਸ ਬ੍ਰਿਜ ਦੀ ਸਹੂਲਤ ਨਾਲ ਹੁਣ ਯਾਤਰੀ ਹਵਾਈ ਜਹਾਜ਼ ‘ਚੋਂ ਸਿੱਧੇ ਏਅਰਪੋਰਟ ਦੇ ਕੰਪਲੈਕਸ ‘ਚ ਪੁੱਜ ਜਾਣਗੇ, ਉਨ੍ਹਾਂ ਨੂੰ ਏਪ੍ਰਨ ਦੀ ਵਰਤੋਂ ਨਹੀਂ ਕਰਨੀ ਪਵੇਗੀ। ਇਹ ਬ੍ਰਿਜ ਯਾਤਰੀਆਂ ਨੂੰ ਮੀਂਹ, ਸਰਦੀ ਤੇ ਗਰਮੀ ਤੋਂ ਬਚਾਏਗਾ।