ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਉਣ ਦੀ ਤਿਆਰੀ!

706
Share

ਚੰਡੀਗੜ੍ਹ, 31 ਅਗਸਤ (ਪੰਜਾਬ ਮੇਲ)-ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਧਾਉਣ ਲਈ ਜਲਦ ਹੀ ਹਵਾਬਾਜ਼ੀ ਮੰਤਰਾਲਾ ਫ਼ੈਸਲਾ ਲੈਣ ਜਾ ਰਿਹਾ ਹੈ। ਇਸ ਸਬੰਧੀ ਚੰਡੀਗੜ੍ਹ ਹਵਾਈ ਅੱਡੇ ਦੇ ਰਨਵੇਅ ਸਮੇਤ ਹਰ ਤਰ੍ਹਾਂ ਦੀ ਤਕਨੀਕੀ ਬਰੀਕੀ ਪਰਖਣ ਉਪਰੰਤ ਇਸ ‘ਤੇ ਹੋਣ ਵਾਲੇ ਕਾਰਜਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਏਅਰ ਇੰਡੀਆ ਤੇ ਹੋਰ ਉਡਾਣ ਆਪਰੇਟਰ ਨਾਲ ਗੱਲਬਾਤ ਕਰਕੇ ਜਲਦ ਹੀ ਇਸ ਫ਼ੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾਏਗਾ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੇ ਵੀ ਵਰਚੂਅਲ ਕਾਨਫ਼ਰੰਸ ਰਾਹੀਂ ਸੁਝਾਅ ਮੰਗੇ ਜਾਣਗੇ। ਭਾਜਪਾ ਚੰਡੀਗੜ੍ਹ ਵਲੋਂ ਕਰਵਾਈ ਵਰਚੂਅਲ ਕਾਰਜਕਾਰਨੀ ਦੀ ਬੈਠਕ ਦੌਰਾਨ ਹਰਦੀਪ ਸਿੰਘ ਪੁਰੀ ਨੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਦੀ ਕੌਮਾਂਤਰੀ ਉਡਾਣਾਂ ‘ਚ ਵਾਧਾ ਕਰਨ ਦੀ ਮੰਗ ਉਪਰੰਤ ਉਕਤ ਐਲਾਨ ਕੀਤਾ। ਬੈਠਕ ‘ਚ ਪਾਰਟੀ ਦੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਤੇ ਰਾਸ਼ਟਰੀ ਉਪ-ਪ੍ਰਧਾਨ ਪ੍ਰਭਾਤ ਝਾਅ, ਪ੍ਰਦੇਸ਼ ਪ੍ਰਧਾਨ ਅਰੁਣ ਸੂਦ, ਲੋਕ ਸਭਾ ਮੈਂਬਰ ਕਿਰਨ ਖੇਰ, ਰਾਸ਼ਟਰੀ ਕਾਰਜਕਾਰਨੀ ਮੈਂਬਰ ਸਤਪਾਲ ਜੈਨ, ਰਾਸ਼ਟਰੀ ਪ੍ਰੀਸ਼ਦ ਮੈਂਬਰ ਸੰਜੇ ਟੰਡਨ, ਪ੍ਰਦੇਸ਼ ਮਹਾਂਮੰਤਰੀ ਚੰਦਰ ਸ਼ੇਖਰ ਤੇ ਰਾਮਬੀਰ ਭੱਟੀ, ਮੇਅਰ ਰਾਜਬਾਲਾ ਮਲਿਕ ਆਦਿ ਨੇ ਭਾਗ ਲਿਆ ਤੇ ਪਾਰਟੀ ਦੇ ਰਾਸ਼ਟਰੀ ਮਹਾਂਮੰਤਰੀ ਅਨਿਲ ਜੈਨ ਨੇ ਬੈਠਕ ‘ਚ ਅੰਤਿਮ ਸਮਾਪਨ ਸੈਸ਼ਨ ਦੀ ਪ੍ਰਧਾਨਗੀ ਕੀਤੀ।
ਏਅਰ ਇੰਡੀਆ ਦੇ ਨਿੱਜੀਕਰਨ ਦੀ ਇਸੇ ਸਾਲ ਉਮੀਦ : ਹਰਦੀਪ ਪੁਰੀ
ਨਵੀਂ ਦਿੱਲੀ, (ਪੰਜਾਬ ਮੇਲ)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਨੂੰ ਹਵਾਈ ਅੱਡਿਆਂ ਤੇ ਏਅਰਲਾਈਨਜ਼ ਦਾ ਸੰਚਾਲਨ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਸਾਲ ਹੀ ਏਅਰ ਇੰਡੀਆ ਦਾ ਨਿੱਜੀਕਰਨ ਹੋ ਜਾਵੇਗਾ। ਪੁਰੀ ਦੀ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ, ਜਦੋਂ ਕੇਰਲ ਸਰਕਾਰ ਨੇ 19 ਅਗਸਤ ਨੂੰ ਕੇਂਦਰੀ ਕੈਬਨਿਟ ਵਲੋਂ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਤਹਿਤ ਤਿਰੂਵਨੰਤਪੁਰਮ ਹਵਾਈ ਅੱਡੇ ਨੂੰ 50 ਸਾਲ ਲਈ ਅਡਾਨੀ ਇੰਟਰਪ੍ਰਾਈਜ਼ਜ਼ ਨੂੰ ਦੇਣ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਸੰਚਾਲਤ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) 100 ਤੋਂ ਵੱਧ ਹਵਾਈ ਅੱਡਿਆਂ ਦੀ ਮਾਲਕ ਤੇ ਸੰਚਲਾਨ ਕਰਦੀ ਹੈ, ਜਿਨ੍ਹਾਂ ‘ਚ ਕੇਰਲਾ ਦੀ ਰਾਜਧਾਨੀ ਦਾ ਉਕਤ ਹਵਾਈ ਅੱਡਾ ਵੀ ਸ਼ਾਮਿਲ ਹੈ।


Share