ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ: ਪੰਜਾਬ ਸਟੂਡੈਂਟਸ ਯੂਨੀਅਨ  

24
Share

ਸੰਗਰੂਰ, 19 ਸਤੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਅੱਜ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀਆਂ ਪੀਡ਼ਤ ਵਿਦਿਆਰਥਣਾਂ ਦੇ ਹੱਕ ਵਿੱਚ ਉਦੋਂ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੱਸੂ ਅਤੇ ਸੁਖਵਿੰਦਰ ਕੌਰ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ 8 ਵਿਦਿਆਰਥਣਾਂ ਵੱਲੋਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 8 ਵਿਦਿਆਰਥਣਾਂ ਅਜੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਦੀ ਕਿਸੇ ਲੜਕੀ ਵੱਲੋਂ 60 ਦੇ ਕਰੀਬ ਵਿਦਿਆਰਥਣਾਂ ਦੀਆਂ ਨਹਾਉਂਦਿਆਂ ਦੀਆਂ ਵੀਡਿਓ’ਜ਼ ਸ਼ੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਗਈਆਂ ਸਨ।8 ਵਿਦਿਆਰਥਣਾਂ ਵੱਲੋਂ ਆਤਮ-ਹੱਤਿਆ ਦੀ ਕੋਸ਼ਿਸ਼ ਨੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੀਆਂ ਵਿਦਿਆਰਥੀਆਂ ਵਿੱਚ ਰੋਸ ਭਰ ਦਿੱਤਾ ਹੈ ਅਤੇ ਬੀਤੀ ਰਾਤ ਵਿਦਿਆਰਥੀ ਇਨਸਾਫ਼ ਦੀ ਮੰਗ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਵਿਦਿਆਰਥੀਆਂ ਦੇ ਰੋਹ ਨੂੰ ਦਬਾਉਣ ਲਈ ਲਾਠੀਚਾਰਜ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਅੰਦਰੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ, ਨਾ ਹੀ ਵਿਦਿਆਰਥੀਆਂ ਨੂੰ ਬਾਹਰੋਂ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਇਸ ਤਰ੍ਹਾਂ ਦੀ ਦਮਨਕਾਰੀ ਨੀਤੀ ਦਾ ਵਿਰੋਧ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਦੇ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਜੋੜ੍ਹ ਕੇ ਖੜ੍ਹੀ ਹੈ ਅਤੇ ਪ੍ਰਸ਼ਾਸ਼ਨ ਤੋਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੀ ਹੈ, ਪ੍ਰਾਈਵੇਟ ਯੂਨੀਵਰਸਿਟੀਆਂ ਦਾ ਸਰਕਾਰੀਕਰਨ ਕੀਤਾ ਜਾਵੇ, ਯੂਨੀਵਰਸਿਟੀ ਮੈਨੇਜਮੈਂਟ ਨੂੰ ਫੌਰੀ ਸਸਪੈਂਡ ਕੀਤਾ ਜਾਵੇ। ਇਸ ਮੌਕੇ ਉਪਰੌਕਤ ਤੋਂ ਤੋਂ ਇਲਾਵਾ ਖੁਸ਼ਪ੍ਰੀਤ ਕੌਰ, ਬੱਬੂ, ਜਸਵੀਰ ਕੌਰ, ਜਸ਼ਨ, ਜਸਕਰਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।


Share