ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ‘ਆਪ’ ਨੇ ਸਭ ਤੋਂ ਵੱਧ ਸੀਟਾਂ ਜਿੱਤ ਕੇ ਭਾਜਪਾ ਨੂੰ ਦਿੱਤਾ ਝਟਕਾ

183
ਚੰਡੀਗੜ੍ਹ ’ਚ ਢੋਲ ਵਜਾ ਕੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ‘ਆਪ’ ਆਗੂ ਪ੍ਰਦੀਪ ਛਾਬੜਾ।
Share

– ਕੁੱਲ 35 ਸੀਟਾਂ ’ਚੋਂ ‘ਆਪ’ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਤੇ ਅਕਾਲੀ ਦਲ ਨੇ ਇਕ ਵਾਰਡ ਜਿੱਤੇ
– ਬਹੁਮਤ ਨਾ ਮਿਲਣ ਕਾਰਨ ‘ਆਪ’ ਤੇ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਜੱਦੋ-ਜਹਿਦ ਸ਼ੁਰੂ
ਚੰਡੀਗੜ੍ਹ, 28 ਦਸੰਬਰ (ਪੰਜਾਬ ਮੇਲ)- ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜ ਰਹੀ ਆਮ ਆਦਮੀ ਪਾਰਟੀ (ਆਪ) ਨੇ 35 ਵਾਰਡਾਂ ਵਿਚੋਂ 14 ਉਤੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਵੱਧ ਸੀਟਾਂ ਜਿੱਤ ਕੇ ‘ਆਪ’ ਨੇ ਭਾਜਪਾ ਨੂੰ ਝਟਕਾ ਦਿੱਤਾ ਹੈ ਜਦਕਿ ਕਾਂਗਰਸ ਤੀਜੇ ਨੰਬਰ ਉਤੇ ਰਹੀ ਹੈ। ਐਲਾਨੇ ਗਏ ਨਤੀਜਿਆਂ ’ਚ ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਵਿਚੋਂ ‘ਆਪ’ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਅਕਾਲੀ ਦਲ ਨੇ 1 ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ, ਕਾਂਗਰਸ ਤੇ ‘ਆਪ’ ਦੇ ਕਈ ਵੱਡੇ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਨਤੀਜਿਆਂ ਤੋਂ ਬਾਅਦ ਮੇਅਰ ਬਣਾਉਣ ਲਈ ਕਿਸੇ ਕੋਲ ਬਹੁਮਤ ਨਾ ਹੋਣ ਕਾਰਨ ‘ਆਪ’ ਤੇ ਭਾਜਪਾ ਨੇ ਜੱਦੋ-ਜਹਿਦ ਸ਼ੁਰੂ ਕਰ ਦਿੱਤੀ ਹੈ।¿;
‘ਆਪ’ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਨਫ਼ਰਤ ਦੀ ਰਾਜਨੀਤੀ ਦਾ ਗ਼ਰੂਰ ਤੋੜ ਦਿੱਤਾ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਸਮਰੱਥ ਲੋਕਾਂ ਦੇ ਸ਼ਹਿਰ ਚੰਡੀਗੜ੍ਹ ਨੇ ਭਾਜਪਾ ਦੇ ਮੌਜੂਦਾ ਮੇਅਰ, ਦੋ ਸਾਬਕਾ ਮੇਅਰਾਂ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਮਹਿਲਾ ਮੋਰਚਾ ਪ੍ਰਧਾਨ ਨੂੰ ਹਰਾ ਕੇ ਪੂਰੇ ਦੇਸ਼ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹੁਣ ਜਾਤੀ, ਧਰਮ ਅਤੇ ਖੇਤਰਵਾਦ ਦੇ ਆਧਾਰ ’ਤੇ ਹੁੰਦੀ ਵੰਡ-ਪਾਊ ਅਤੇ ਨਫ਼ਰਤ ਦੀ ਰਾਜਨੀਤੀ ਲਈ ਕੋਈ ਜਗ੍ਹਾ ਨਹੀਂ ਬਚੀ ਅਤੇ ਲੋਕ ਕੰਮ ਦੀ ਰਾਜਨੀਤੀ ਹੀ ਪਸੰਦ ਕਰਦੇ ਹਨ।
‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਗਮ ਚੋਣਾਂ ਵਿਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ, ‘ਚੰਡੀਗੜ੍ਹ ਨਗਰ ਨਿਗਮ ’ਚ ਆਪ ਦੀ ਇਹ ਜਿੱਤ ਪੰਜਾਬ ’ਚ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ। ਚੰਡੀਗੜ੍ਹ ਦੇ ਲੋਕਾਂ ਨੇ ਭਿ੍ਰਸ਼ਟ ਰਾਜਨੀਤੀ ਨੂੰ ਨਕਾਰ ਕੇ ਆਪ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਪੰਜਾਬ ਵਿਚ ਵੀ ਇਸੇ ਉਤਸ਼ਾਹ ਨਾਲ ਚੋਣਾਂ ਲੜੇਗੀ ਅਤੇ ਪੰਜਾਬ ਵਿਚ ਵੀ ਸਰਕਾਰ ਬਣਾਵੇਗੀ।

Share