ਚੰਡੀਗੜ੍ਹ ਦੇ ਪੀ. ਜੀ. ਆਈ. ‘ਚ 6 ਮਹੀਨਿਆਂ ਦੀ ਕੋਰੋਨਾ ਪਾਜ਼ੇਟਿਵ ਬੱਚੀ ਨੇ ਦਮ ਤੋੜਿਆ

319
Share

ਚੰਡੀਗੜ੍ਹ, 23 ਅਪ੍ਰੈਲ (ਪੰਜਾਬ ਮੇਲ)- ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਐਡਵਾਂਸ ਪੀਡੀਆਟ੍ਰਿਕ ਸੈਂਟਰ ‘ਚ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ 6 ਮਹੀਨਿਆਂ ਦੀ ਬੱਚੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਬੱਚੀ ਏ. ਪੀ. ਸੀ. ਦੇ ਜਨਰਲ ਵਾਰਡ ‘ਚ 9 ਅਪ੍ਰੈਲ ਨੂੰ ਭਰਤੀ ਹੋਈ ਸੀ। ਫਗਵਾੜਾ ਵਾਸੀ ਬੱਚੀ ਨੂੰ ਜੈਨੇਟਿਕ ਹਾਰਟ ਦੀ ਦਿੱਕਤ ਸੀ, ਜਿਸ ਕਾਰਨ ਉਸ ਦੀ ਓਪਨ ਹਾਰਟ ਸਰਜਰੀ ਹੋਣੀ ਸੀ। ਉਸ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ। ਹਾਰਟ ਦੇ ਵਾਲਵ ਸਹੀ ਤਰੀਕੇ ਨਾਲ ਨਹੀਂ ਬਣੇ, ਜਿਸ ਕਾਰਨ ਆਕਸੀਜਨ ਲਈ ਉਸ ਨੂੰ ਵੈਂਟੀਲੇਟਰ ਦਾ ਸਪੋਰਟ ਦਿੱਤਾ ਜਾ ਰਿਹਾ ਸੀ। 2 ਦਿਨਾਂ ਤੋਂ ਉਸ ਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਉਸ ਦਾ ਕੋਰੋਨਾ ਦਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਈ ਗਈ ਸੀ।

ਪੀ. ਜੀ. ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਦੇ ਪਰਿਵਾਰ ਦੀ ਵੀ ਸਕਰੀਨਿੰਗ ਕੀਤੀ ਗਈ ਸੀ। ਉਹ ਪਤਾ ਲਾ ਰਹੇ ਹਨ ਕਿ ਬੱਚੀ ਨੂੰ ਇੰਫੈਕਸ਼ਨ ਕਿਵੇਂ ਹੋਇਆ। ਬੱਚੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਦੇ ਸੰਪਰਕ ‘ਚ ਆਈ ਸੀ। ਹੋ ਸਕਦਾ ਹੈ ਕਿ ਬੱਚੀ ਨੂੰ ਦਾਖਲ ਕਰਦੇ ਸਮੇਂ ਉਸ ਨੂੰ ਕੋਰੋਨਾ ਹੋਇਆ ਹੋਵੇ।


Share