ਚੰਡੀਗੜ੍ਹ ਤੋਂ ਬਾਅਦ ਹੁਣ ਮੁਹਾਲੀ ਵਿੱਚ ਕੋਰੋਨਾ ਦੇ ਮਰੀਜ਼ ਦੀ ਪੁਸ਼ਟੀ

793
Share

ਚੰਡੀਗੜ੍ਹ, 20 ਮਾਰਚ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾਵਾਇਰਸ ਦੇ ਖ਼ਤਰੇ ਕਾਰਨ ਦਹਿਸ਼ਤ ਵਧ ਰਹੀ ਹੈ। ਚੰਡੀਗੜ੍ਹ ਤੋਂ ਬਾਅਦ ਹੁਣ ਮੁਹਾਲੀ ਵਿੱਚ ਕੋਰੋਨਾ ਦੇ ਮਰੀਜ਼ ਦੀ ਪੁਸ਼ਟੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਦੀ ਰਹਿਣ ਵਾਲੀ ਇੱਕ 69 ਸਾਲਾ ਔਰਤ ਨੂੰ ਕੋਵਿਡ-19 ਨਾਲ ਸੰਕਰਮਿਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਇੱਕ 21 ਸਾਲਾ ਔਰਤ ਦੇ ਚੰਡੀਗੜ੍ਹ ਵਿੱਚ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ।

ਮੁਹਾਲੀ ਦੇ ਫੇਜ਼ -3 ਦੀ ਰਹਿਣ ਵਾਲੀ ਇੱਕ 69 ਸਾਲਾ ਔਰਤ ਦੇ ਕੋਰੋਨਾਵਾਇਰਸ ਤੋਂ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਉਹ ਹਾਲ ਹੀ ਵਿੱਚ ਇੰਗਲੈਂਡ ਤੋਂ ਵਾਪਸ ਆਈ ਸੀ। ਵਿਦੇਸ਼ ਤੋਂ ਵਾਪਸ ਆਉਣ ਮਗਰੋਂ ਉਹ ਬਿਮਾਰ ਸੀ। ‘ਔਰਤ ਦੇ ਪਰਿਵਾਰ ਨੇ ਉਸ ਦੀ ਇੱਕ ਪ੍ਰਾਈਵੇਟ ਲੈਬ ‘ਚ ਜਾਂਚ ਕਰਵਾਈ। ਰਿਪੋਰਟ ਨੂੰ ਸਕਾਰਾਤਮਕ ਮਿਲਣ ਤੋਂ ਬਾਅਦ ਔਰਤ ਦਾ ਸਰਕਾਰੀ ਲੈਬ ‘ਚ ਟੈਸਟ ਕੀਤਾ ਗਿਆ ਹੈ।

ਨਵਾਂਸ਼ਹਿਰ ਵਿੱਚ ਕੋਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਕਪੂਰਥਲਾ ਦੇ ਫਗਵਾੜਾ ਵਿੱਚ ਖੰਘ ਤੇ ਜ਼ੁਕਾਮ ਨਾਲ ਗ੍ਰਸਤ ਇੱਕ ਬਜ਼ੁਰਗ ਵਿਅਕਤੀ ਦੀ ਵੀ ਮੌਤ ਹੋ ਗਈ। ਸੂਬੇ ‘ਚ ਛੇ ਹੋਰ ਸ਼ੱਕੀ ਮਰੀਜ਼ ਪਾਏ ਗਏ ਹਨ। ਦੂਜੇ ਪਾਸੇ, ਅਟਾਰੀ-ਵਾਹਗਾ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਨਾਲ ਆਮ ਲੋਕਾਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ।

ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ‘ਚ ਆ ਗਿਆ ਤੇ ਸੈਕਟਰ-69 ਦੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਤੇ ਇਸ ਦੀ ਸਵੱਛਤਾ ਸ਼ੁਰੂ ਕਰ ਦਿੱਤੀ। ਪੀੜਤ ਲੜਕੀ ਨੂੰ ਮੁਹਾਲੀ ਦੇ ਫੇਜ਼ ਛੇ ਵਿੱਚ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ ਤੇ ਉਨ੍ਹਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਫਗਵਾੜਾ ‘ਚ 80 ਸਾਲਾ ਮੋਹਨ ਲਾਲ ਦੀ ਮੌਤ ਠੰਢ ਤੇ ਜ਼ੁਕਾਮ ਕਾਰਨ ਹੋਈ। ਉਹ 5 ਮਾਰਚ ਨੂੰ ਇੰਗਲੈਂਡ ਤੋਂ ਵਾਪਸ ਆਇਆ ਸੀ। ਇਸ ਨਾਲ ਸਿਹਤ ਵਿਭਾਗ ਵਿੱਚ ਹਲਚਲ ਮਚ ਗਈ ਹੈ। ਇਸ ਤੋਂ ਬਾਅਦ, ਉਸ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ 14 ਦਿਨਾਂ ਲਈ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਪੰਜਾਬ ‘ਚ ਕੋਰੋਨਾਵਾਇਰਸ ਦੇ ਛੇ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਸ਼ਾਹਕੋਟ (ਜਲੰਧਰ) ਦੀ ਰਹਿਣ ਵਾਲੀ ਔਰਤ ਯੂਰਪ ਤੋਂ ਵਾਪਸ ਆਈ ਹੈ ਤੇ ਉਸ ਨੂੰ ਖੰਘ ਤੇ ਜ਼ੁਕਾਮ ਦੀ ਸ਼ਿਕਾਇਤ ਹੈ। ਵਿਦੇਸ਼ ਤੋਂ ਵਾਪਸ ਆਏ ਦੋ ਲੋਕਾਂ ਨੂੰ ਵੀਰਵਾਰ ਨੂੰ ਸਿਵਲ ਹਸਪਤਾਲ, ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇੱਕ ਚੀਨ ਤੋਂ ਯਾਤਰਾ ਦਾ ਇਤਿਹਾਸ ਹੈ।

ਇੱਕ ਹੋਰ ਮਰੀਜ਼ ਵੀ ਵਿਦੇਸ਼ ਤੋਂ ਵਾਪਸ ਆਇਆ ਸੀ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਦੇਸ਼ ਤੋਂ ਆਇਆ ਹੈ। ਰੂਪਨਗਰ ਦੇ ਇੱਕ ਨਵੇਂ ਵਿਆਹੇ ਜੋੜੇ ਨੂੰ ਸਿਹਤ ਵਿਭਾਗ ਨੇ ਕੋਰੋਨਾਵਾਇਰਸ ਦੇ ਸ਼ੱਕੀ ਮਾਮਲੇ ਨੂੰ ਵਿਚਾਰਦਿਆਂ ਨਿਗਰਾਨੀ ਹੇਠ ਰੱਖਿਆ ਹੈ। ਇਹ ਜੋੜਾ 28 ਫਰਵਰੀ ਨੂੰ ਦੁਬਈ ਤੋਂ ਵਾਪਸ ਪਰਤਿਆ ਸੀ।


Share