ਚੰਡੀਗੜ੍ਹ ‘ਚ ‘ਠੰਡ’ ਨੇ ਤੋੜਿਆ 5 ਸਾਲਾਂ ਦਾ ਰਿਕਾਰਡ

461
Share

ਚੰਡੀਗੜ੍ਹ, 17 ਦਸੰਬਰ (ਪੰਜਾਬ ਮੇਲ)- ਪਿਛਲੇ 5 ਸਾਲਾਂ ‘ਚ ਅਜਿਹਾ ਪਹਿਲੀ ਵਾਰ ਹੋਇਆ ਕਿ 16 ਦਸੰਬਰ ਤੱਕ ਹੇਠਲਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੋਵੇ। ਮੰਗਲਵਾਰ ਰਾਤ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ। ਪਿਛਲੇ ਸ਼ਨੀਵਾਰ ਤੋਂ ਲਗਾਤਾਰ ਸ਼ਹਿਰ ਦਾ ਪਾਰਾ ਡਿੱਗਦਾ ਜਾ ਰਿਹਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 16.6 ਡਿਗਰੀ ਸੈਲਸੀਅਸ ਅਤੇ ਹੇਠਲਾ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ ਹੈ। ਇਸ ਤੋਂ ਪਹਿਲਾਂ ਇਕ ਦਸੰਬਰ ਨੂੰ 9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਸਾਲ 2015 ‘ਚ 16 ਦਸੰਬਰ ਨੂੰ ਹੇਠਲਾ ਤਾਪਮਾਨ 5.2 ਡਿਗਰੀ ਦਰਜ ਹੋਇਆ ਸੀ। ਮੌਸਮ ਮਹਿਕਮੇ ਮੁਤਾਬਕ ਦੋ ਦਿਨਾਂ ‘ਚ ਇਹ ਤਾਪਮਾਨ ਇਸ ਤੋਂ ਵੀ ਘੱਟ ਹੋਣ ਵਾਲਾ ਹੈ। ਪਹਾੜਾਂ ’ਤੇ ਲਗਾਤਾਰ ਪਈ ਬਰਫਬਾਰੀ ਕਾਰਣ ਤਾਪਮਾਨ ‘ਚ ਗਿਰਾਵਟ ਹੋਈ ਹੈ। ਮੌਸਮ ਮਹਿਕਮੇ ਦੇ ਚੰਡੀਗੜ੍ਹ ਸਥਿਤ ਕੇਂਦਰ ਦੇ ਡਾਇਰੈਕਟਰ ਅਨੁਸਾਰ ਦਿਨ ‘ਚ ਕੋਹਰਾ ਪੈਣਾ ਸ਼ੁਰੂ ਹੋ ਗਿਆ ਹੈ ਪਰ ਇਹ ਕੋਹਰਾ ਫਿਲਹਾਲ ਸਵੇਰੇ ਅਤੇ ਸ਼ਾਮ ਹੀ ਰਹੇਗਾ। ਪੱਛਮੀ ਹਵਾਵਾਂ ਕਾਰਣ ਕੋਹਰਾ ਜ਼ਿਆਦਾ ਨਹੀਂ ਪੈ ਰਿਹਾ ਪਰ ਜੇਕਰ ਅਗਲੇ ਕੁਝ ਦਿਨਾਂ ‘ਚ ਇਹ ਹਵਾਵਾਂ ਚੱਲਣੀਆਂ ਬੰਦ ਹੋਈਆਂ ਤਾਂ ਦਿਨ ‘ਚ ਵੀ ਕੋਹਰਾ ਪੈ ਸਕਦਾ ਹੈ।


Share