ਚੰਡੀਗੜ੍ਹ ‘ਚ ਕੋਰੋਨਾ ਦੇ 11 ਹੋਰ ਮਰੀਜ਼ ਹੋਏ ਠੀਕ

773
Share

ਚੰਡੀਗੜ੍ਹ , 17 ਮਈ (ਪੰਜਾਬ ਮੇਲ)- ਚੰਡੀਗੜ੍ਹ ਵਿੱਚ ਸ਼ਨਿਚਰਵਾਰ ਦਾ ਦਿਨ ਹੋਰ ਵੀ ਰਾਹਤ ਭਰਿਆ ਰਿਹਾ। ਅੱਜ ਪੀਜੀਆਈ ਵਿੱਚ ਇਲਾਜ ਅਧੀਨ ਕਰੋਨਾ ਦੇ ਮਰੀਜ਼ਾਂ ਵਿੱਚੋਂ 11 ਹੋਰ ਵਿਅਕਤੀ ਠੀਕ ਹੋਣ ਉਪਰੰਤ ਡਿਸਚਾਰਜ ਕਰ ਕੇ ਘਰਾਂ ਨੂੰ ਭੇਜ ਦਿੱਤੇ ਗਏ। ਇਨ੍ਹਾਂ ਡਿਸਚਾਰਜ ਕੀਤੇ ਗਏ ਮਰੀਜ਼ਾਂ ਵਿੱਚੋਂ 10 ਮਰੀਜ਼ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਦੇ ਵਸਨੀਕ ਹਨ ਜਦੋਂਕਿ ਇੱਕ ਮਰੀਜ਼ ਸੈਕਟਰ 30 ਦਾ ਵਸਨੀਕ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੀਜੀਆਈ ਤੋਂ ਜਿਹੜੇ 11 ਵਿਅਕਤੀਆਂ ਨੂੰ ਅੱਜ ਡਿਸਚਾਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬਾਪੂ ਧਾਮ ਕਲੋਨੀ ਦੇ 10 ਮਰੀਜ਼ ਹਨ ਜਿਨ੍ਹਾਂ ਵਿੱਚ 17 ਸਾਲ ਤੋਂ 50 ਸਾਲ ਤੱਕ ਉਮਰ ਦੇ ਅੱਠ ਪੁਰਸ਼ ਤੇ ਦੋ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੈਕਟਰ 30 ਤੋਂ ਕਰੀਬ 40 ਸਾਲ ਦਾ ਇਕ ਵਿਅਕਤੀ ਸ਼ਾਮਲ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਮਰੀਜ਼ਾਂ ਨੂੰ ਡਿਸਚਾਰਜ ਕਰਨ ਮੌਕੇ ਫੁੱਲਾਂ ਦੇ ਬੁੱਕੇ ਅਤੇ ਤੋਹਫੇ ਭੇਟ ਕਰ ਕੇ ਘਰਾਂ ਲਈ ਰਵਾਨਾ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ। ਡੀਨ (ਅਕਾਦਮਿਕ) ਪ੍ਰੋਫੈਸਰ ਜੀ.ਡੀ. ਪੁਰੀ, ਕੋਵਿਡ ਹਸਪਤਾਲ ਦੇ ਇੰਚਾਰਜ ਪ੍ਰੋ. ਵਿਪਿਨ ਕੌਸ਼ਲ, ਪ੍ਰੋ. ਯਸ਼ਪਾਲ ਸ਼ਰਮਾ, ਡਾ. ਰਮਨ ਸ਼ਰਮਾ ਦੀ ਅਗਵਾਈ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਵੱਲੋਂ ਤਾੜੀਆਂ ਮਾਰ ਕੇ ਠੀਕ ਹੋਏ ਮਰੀਜ਼ਾਂ ਦਾ ਸਵਾਗਤ ਕੀਤਾ ਗਿਆ। ਅੱਜ ਸ਼ਹਿਰ ਵਿੱਚ ਕਰੋਨਾਵਾਇਰਸ ਦਾ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਜਿਸ ਨਾਲ ਕੇਸਾਂ ਦਾ ਅੰਕੜਾ 191 ‘ਤੇ ਹੀ ਟਿਕਿਆ ਰਿਹਾ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 137 ਰਹਿ ਗਈ ਹੈ। ਕੁੱਲ 51 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

Share