ਚੌਥੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਸੁਨੇਹਾ ਦਿੰਦੇ ਹੋਏ ਸੰਪੰਨ

454
ਚੌਥੀ ਖਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਦੌਰਾਨ ਵੱਖ-ਵੱਖ ਤਸਵੀਰਾਂ।
Share

ਪਟਿਆਲਾ, 13 ਅਕਤੂਬਰ (ਪੰਜਾਬ ਮੇਲ)ਖ਼ਾਲਸਾ ਕਾਲਜ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਦਾ ਪਹਿਲੇ ਦਿਨ ਆਗਾਜ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਜਿਸ ਵਿਚ ਦੇਸ਼-ਵਿਦੇਸ਼ ਤੋਂ 500 ਤੋਂ ਵੱਧ ਡੈਲੀਗੇਟਾਂ ਨੇ ਆਨਲਾਈਨ ਤੇ ਆਫਲਾਈਨ ਭਾਗ ਲਿਆ। ਸਭ ਤੋਂ ਪਹਿਲਾਂ ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖਾਲਸਾ ਕਾਲਜ ਪਟਿਆਲਾ ਵੱਲੋਂ ਕਾਨਫ਼ਰੰਸ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਕਾਨਫ਼ਰੰਸ ਦੇ ਉਦੇਸ਼ ਬਾਬਤ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਯਤਨ ਕਰਦਾ ਰਹਿੰਦਾ ਹੈ। ਸਾਡੇ ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹੈ ਕਿ ਖਾਲਸਾ ਕਾਲਜ ਵੱਲੋਂ ਲਗਾਤਾਰ ਇਹ ਚੌਥੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਕੀਤੀ ਜਾ ਰਹੀ ਹੈ,¿; ਜਿਸ ਦਾ ਮੁੱਖ ਮਕਸਦ ਕਿਸਾਨੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਉੱਪਰ ਉੱਚ ਪਾਏ ਦਾ ਸੰਵਾਦ ਰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ ਸਾਡੇ ਲਈ ਕੇਵਲ ਆਰਥਿਕਤਾ ਦਾ ਮਸਲਾ ਨਹੀਂ ਹੈ, ਬਲਕਿ ਕਿਸਾਨੀ ਦਾ ਸੰਬੰਧ ਪੰਜਾਬ ਦੇ ਜਾਇਆਂ ਦੀ ਰੂਹ ਤੱਕ ਪਹੁੰਚਦਾ ਹੈ। ਉਨ੍ਹਾਂ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਾਨਫ਼ਰੰਸ ਖੇਤੀ ਦੇ ਸੰਦਰਭ ਵਿਚ ਵੀ ਵਿਸ਼ੇਸ਼ ਮਹੱਤਤਾ ਰੱਖਦੀ ਹੈ ਕਿਉਂਕਿ ਗੁਰੂ ਸਾਹਿਬ ਵੱਲੋਂ ਆਪਣੀ ਪੂਰਬ ਦੀ ਯਾਤਰਾ ਦੌਰਾਨ ਅਨੇਕਾਂ ਹੀ ਖੂਹ ਲਗਵਾਉਣ ਅਤੇ ਗ਼ਰੀਬਾਂ ਨੂੰ ਪਸ਼ੂ ਧਨ ਨਾਲ ਨਿਵਾਜਣ ਦੀਆਂ¿; ਸਾਖੀਆਂ ਸਾਨੂੰ ਪੰਜਾਬੀ ਸਾਹਿਤ ’ਚ ਪ੍ਰਾਪਤ ਹੁੰਦੀਆਂ ਹਨ।
ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਡਾ. ਸਤੀਸ਼ ਕੁਮਾਰ ਵਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖ਼ਾਲਸਾ ਕਾਲਜ ਵੱਲੋਂ ਕੀਤਾ ਜਾਂਦਾ ਇਹ ਉਪਰਾਲਾ ਹਮੇਸ਼ਾ ਹੀ ਇੱਕ ਉੱਚ ਪਾਏ ਦਾ ਸੰਵਾਦ ਸਿਰਜਦਾ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਾਨਫਰੰਸ ਦਾ ਮਕਸਦ ਕਿਸਾਨੀ ਸਮੱਸਿਆਵਾਂ ਦੇ ਸਮਾਧਾਨ ਨਾਲ ਜੁੜੇ ਹੋਣਾ ਦੱਸਦਾ ਹੈ ਕਿ ਖ਼ਾਲਸਾ ਕਾਲਜ ਪੰਜਾਬ ਦੇ ਸਮਕਾਲੀ ਮੁੱਦਿਆਂ ਉੱਪਰ ਹਮੇਸ਼ਾਂ ਹੀ ਆਸ਼ਾਵਾਦੀ ਪਹੁੰਚ ਅਪਣਾਉਂਦੇ ਹੋਏ ਉਨ੍ਹਾਂ ਦੇ ਹੱਲ ਤੇ ਸਮਾਧਾਨ ਲਈ ਸਾਰਥਕ ਯਤਨ ਕਰਦਾ ਰਹਿੰਦਾ ਹੈ। ਖੇਤੀ ਨਾਲ ਜੁੜੀਆਂ ਮੁੱਦਿਆਂ ਉਪਰ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਲਈ ਸਾਡੇ ਕੋਲ ਜੋ ਮਾਡਲ ਮੌਜੂਦ ਹੈ। ਉਸ ਦੀਆਂ ਸਮੱਸਿਆਵਾਂ ਬਹੁਤ ਪੇਚੀਦਾ ਹੋ ਚੁੱਕੀਆਂ ਹਨ। ਸਾਨੂੰ ਵਿਸ਼ੇਸ਼ ਤੌਰ ਉੱਤੇ ਉਪਰਾਲੇ ਕਰਨ ਦੀ ਲੋੜ ਹੈ, ਜਿਸ ਨਾਲ ਖੇਤੀ ਨੂੰ ਨਵੀਨਤਮ ਢੰਗਾਂ ਰਾਹੀਂ ਅਸੀਂ ਵਿਸ਼ਵ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਸਕੀਏ।
ਸਮੁੱਚੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ. ਗੁਰਜਤਿੰਦਰ ਸਿੰਘ ਰੰਧਾਵਾ ਯੂ.ਐੱਸ.ਏ. ਨੇ ਕਿਹਾ ਕਿ ਖੇਤੀ ਦਾ ਸੰਕਟ ਕੇਵਲ ਪੰਜਾਬ ਤੱਕ ਸੀਮਤ ਨਹੀਂ ਹੈ, ਬਲਕਿ ਇਹ ਸਮੁੱਚੇ ਵਿਸ਼ਵ ਦਾ ਮਸਲਾ ਬਣ ਚੁੱਕਿਆ ਹੈ। ਉਨ੍ਹਾਂ ਪੰਜਾਬ ਵਿਚ ਚੱਲ ਰਹੇ ਖੇਤੀ ਸੰਕਟ ਦੇ ਸੰਦਰਭ ਵਿਚ ਅਮਰੀਕਾ ਵਿਚ ਹੋ ਰਹੇ ਰੋਸ ਮੁਜ਼ਾਹਰਿਆਂ ਅਤੇ ਖੇਤੀ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰਦਿਆਂ ਦੱਸਿਆ ਕਿ ਅਮਰੀਕਾ ਵਿਚ ਵੀ ਕਿਸਾਨਾਂ ਦੀ ਹਾਲਤ ਵਧੀਆ ਹੈ ਅਤੇ ਕਿਸਾਨੀ ਲਾਹੇਵੰਦ ਕਿੱਤਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿਚ ਵੱਡੇ ਕਿਸਾਨਾਂ ਦਾ ਖੇਤੀ ਉੱਪਰ ਕਬਜ਼ਾ ਹੈ।
ਮੁੱਖ ਮਹਿਮਾਨ ਸ. ਅਜੈਬ ਸਿੰਘ ਚੱਠਾ ਨੇ ਕੈਨੇਡਾ ਤੋਂ ਕਾਨਫਰੰਸ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਸਾਹਿਤ ਲਗਾਤਾਰ ਕਿਸਾਨੀ ਸਮੱਸਿਆਵਾਂ ਦੀ ਪੇਸ਼ਕਾਰੀ ਹੁੰਦੀ ਰਹਿੰਦੀ ਹੈ, ਜਿਸ ਨੂੰ ਅਨੇਕਾਂ ਵਾਰ ਵਿਸ਼ਵ ਪੱਧਰ ’ਤੇ ਕਰਵਾਈਆਂ ਜਾਂਦੀਆਂ ਕਾਨਫਰੰਸਾਂ ’ਚ ਵਿਦਵਾਨਾਂ ਵੱਲੋਂ ਵਿਚਾਰਿਆ ਵੀ ਜਾਂਦਾ ਰਿਹਾ ਹੈ ਪ੍ਰੰਤੂ ਅਜੋਕੇ ਕਿਸਾਨੀ ਸੰਕਟ ਦੇ ਸੰਦਰਭ ਵਿਚ ਇਸ ਵਿਸ਼ੇ ਨੂੰ ਹੋਰ ਵੀ ਸੰਜੀਦਾ ਢੰਗ ਨਾਲ ਨਜਿੱਠਣ ਦੀ ਲੋੜ ਹੈ।
ਇਸ ਕਾਨਫ਼ਰੰਸ ਦੇ ਬੁਲਾਰੇ ਡਾ. ਬਲਜਿੰਦਰ ਸਿੰਘ ਨਸਰਾਲੀ ਦਿੱਲੀ ਯੂਨੀਵਰਸਿਟੀ ਦਿੱਲੀ ਨੇ ਪੰਜਾਬੀ ਨਾਵਲ ’ਤੇ ਪੈ ਰਹੇ ਕਿਸਾਨੀ ਸੰਕਟ ਦੇ ਪ੍ਰਭਾਵ ਦੀ ਗੱਲ ਕਰਦੇ ਹੋਏ ਦੱਸਿਆ ਕਿ ਅੱਜ ਤਾਂ ਨਾਵਲ ਕੇਵਲ ਕਿਸਾਨੀ ਸਮਾਜ ਦੇ ਯਥਾਰਥਕ ਚਿੱਤਰ ਤੱਕ ਸੀਮਤ ਨਹੀਂ ਹੈ, ਬਲਕਿ ਉਹ ਵਾਪਰ ਰਹੀਆਂ ਘਟਨਾਵਾਂ ਦੇ ਪਿਛੋਕੜ ਅਤੇ ਭਵਿੱਖ ਵਿਚ ਪੈਣ ਵਾਲੇ ਨਤੀਜਿਆਂ ਪ੍ਰਤੀ ਵੀ ਪਾਠਕ ਨੂੰ ਸੁਚੇਤ ਕਰਦਾ ਹੈ।
ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਬਾਬਤ ਗੱਲ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨਿਸ਼ਚੇ ਹੀ ਭਾਰਤੀ ਇਤਿਹਾਸ ’ਚ ਇਕ ਨਵੇਂ ਯੁੱਗ ਦਾ ਆਰੰਭ ਕਰਨ ਵਾਲੀ ਸੀ। ਉਨ੍ਹਾਂ ਦੀ ਸ਼ਹਾਦਤ ਨੇ ਨਾ ਕੇਵਲ ਸਮੁੱਚੇ ਭਾਰਤ ਨੂੰ ਔਰੰਗਜ਼ੇਬ ਦੀਆਂ ਮਾਰੂ ਨੀਤੀਆਂ ਤੋਂ ਬਚਾਇਆ, ਬਲਕਿ¿; ਆਪਣੀ ਸ਼ਹਾਦਤ ਤੋਂ ਦੁਬਾਰਾ ਇਹ ਪ੍ਰਤੱਖ ਕਰ ਦਿਖਾਇਆ ਕਿ ਧਾਰਮਿਕ ਸੰਕੀਰਨਤਾ ਕਦੇ ਵੀ ਵੱਡਾ ਨਿਜ਼ਾਮ ਸਥਾਪਤ ਕਰਨ ’ਚ ਕਾਮਯਾਬੀ ਹਾਸਲ ਨਹੀਂ ਕਰ ਸਕਦਾ।
ਸ਼੍ਰੀਮਤੀ ਮੀਤਾ ਖੰਨਾ ਕੈਨੇਡਾ ਤੋਂ ਕਾਨਫ਼ਰੰਸ ਵਿਚ ਭਾਗ ਲੈਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ ਦਾ ਪ੍ਰਭਾਵ ਕੇਵਲ ਭਾਰਤ ਤੱਕ ਨਹੀਂ, ਬਲਕਿ ਸਮੁੱਚੇ ਵਿਸ਼ਵ ਤੱਕ ਫੈਲ ਚੁੱਕਾ ਹੈ। ਪੰਜਾਬੀ ਲੋਕ ਗੀਤ ਚਾਹੇ ਉਹ ਖੇਤੀ ਨਾਲ ਸਬੰਧ ਰੱਖਦੇ ਹੋਣ, ਚਾਹੇ ਕਿਸਾਨੀ ਜੀਵਨ ਨਾਲ ਉਹ ਇਕੱਲੇ ਪੰਜਾਬ ਵਿਚ ਹੀ ਨਹੀਂ, ਸਗੋਂ ਕਿ ਸਮੁੱਚੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਵੱਲੋਂ ਗਾਏ ਜਾਂਦੇ ਹਨ। ਪਹਿਲੇ ਦਿਨ ਦੇ ਸੈਸ਼ਨ ਦੀ ਸਮਾਪਤੀ ’ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਪਰਮਜੀਤ ਕੌਰ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਗਿਆ।
ਕਾਨਫਰੰਸ ਦੇ ਦੂਜੇ ਦਿਨ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਪਹੁੰਚੀਆਂ ਹੋਈਆਂ ਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਜਿਹੜੇ ਕਿਸਾਨੀ ਨਾਲ ਸਬੰਧਤ ਉੱਠ ਰਹੇ ਮਸਲੇ ਹਨ, ਉਨ੍ਹਾਂ ਨੂੰ ਹੱਲ ਵੱਲ ਲੈ ਕੇ ਜਾਣ ਕਾਨਫਰੰਸ ਵਿਚ ਮੁੱਖ ਰੋਲ ਅਦਾ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਸਾਹਿਤ ਸੱਭਿਆਚਾਰ ਅਤੇ ਉਸ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿਚ ਮੁੱਖ ਰੋਲ ਅਦਾ ਕਰਦਾ ਹੈ।
ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਕਾਲਜ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਕਾਲਜ ਵੱਲੋਂ ਹਰ ਸਾਲ ਕਰਵਾਈ ਜਾਂਦੀ ਵਿਸ਼ਵ ਪੱਧਰੀ ਕਾਨਫ਼ਰੰਸ ਜਿੱਥੇ ਬੁੱਧੀਜੀਵੀਆਂ ਦੇ ਚੰਗੇ ਵਿਚਾਰ ਸੁਣਨ ਨੂੰ ਮਿਲਦੇ ਹਨ, ਉਥੇ ਨਾਲ ਹੀ ਇੱਕ ਚੰਗੇ ਸਮਾਜਿਕ ਢਾਂਚੇ ਦੀ ਬਣਤਰ ਵਿਚ ਵੀ ਮੁੱਖ ਰੋਲ ਅਦਾ ਕਰਦੀ ਹੈ ।
ਸ. ਸਤਵਿੰਦਰ ਸਿੰਘ ਟੋਹੜਾ ਮੈਂਬਰ ਅੰਤਰਿੰਗ ਕਮੇਟੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਖ਼ਾਲਸਾ ਕਾਲਜ ਹਮੇਸ਼ਾਂ ਹੀ ਚੰਗੀ ਵਿਚਾਰ ਚਰਚਾ ਲਈ ਯਤਨਸ਼ੀਲ ਰਹਿੰਦਾ ਹੈ ।
ਮੁੱਖ ਮਹਿਮਾਨ ਸ. ਸੁੱਖੀ ਬਾਠ ਕੈਨੇਡਾ ਨੇ ਕਰਵਾਈ ਜਾ ਰਹੀ ਚੌਥੀ ਗਲੋਬਲ ਪੰਜਾਬੀ ਕਾਨਫਰੰਸ ਲਈ ਸਮੁੱਚੀ ਮੈਨੇਜਮੈਂਟ ਕਾਲਜ ਪਿ੍ਰੰਸੀਪਲ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਵਨ ਸਰੀ ਕੈਨੇਡਾ ਵਿਖੇ ਵੀ ਹਰ ਸਾਲ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਚੰਗਾ ਸਾਹਿਤ ਪੜ੍ਹਨ ਅਤੇ ਲਿਖਣ ਵੱਲ ਉਤਸ਼ਾਹਿਤ ਕਰਦੀਆਂ ਹਨ ਅਤੇ ਪੰਜਾਬੀ ਮਾਂ-ਬੋਲੀ ਨੂੰ ਵਿਸ਼ਵ ਪੱਧਰ ’ਤੇ ਪ੍ਰਫੁੱਲਿਤ ਕਰਨ ਵਿਚ ਮੁੱਖ ਰੋਲ ਅਦਾ ਕਰਦੀਆਂ ਹਨ।
ਵਿਸ਼ੇਸ਼ ਮਹਿਮਾਨ ਪੰਜਾਬੀ ਦੇ ਉੱਘੇ ਸ਼ਾਇਰ ਸ. ਗੁਰਭਜਨ ਸਿੰਘ ਗਿੱਲ ਨੇ ਕਿਰਸਾਨੀ ਸੰਕਟ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਸਾਡੇ ਦੇਸ਼ ਦੀ ਅਰਥ-ਵਿਵਸਥਾ ਪੂਰੀ ਤਰ੍ਹਾਂ ਖੇਤੀਬਾੜੀ ’ਤੇ ਨਿਰਭਰ ਹੈ ਅਤੇ ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੀ ਹੈ।
ਮੁੱਖ ਬੁਲਾਰੇ ਸ. ਹਰਪ੍ਰੀਤ ਸਿੰਘ ਚੀਫ ਐਡੀਟਰ ਪੀ.ਟੀ.ਸੀ. ਵੱਲੋਂ ਮੀਡੀਆ ਬਾਰੇ ਬੋਲਦਿਆਂ ਕਿਹਾ ਕਿ ਮੀਡੀਆ ਹਮੇਸ਼ਾ ਹੀ ਸਮਾਜ ਵਿਚ ਆਪਣਾ ਇੱਕ ਮੁੱਖ ਰੋਲ ਅਦਾ ਕਰਦਾ ਹੈ। ਉਨ੍ਹਾਂ ਕਿਹਾ ਜੇਕਰ ਮੀਡੀਆ ਸੱਚ ਨੂੰ ਠੀਕ ਰੂਪ ਵਿਚ ਲੋਕਾਂ ਦੇ ਸਾਹਮਣੇ ਲੈ ਕੇ ਆਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਨੇ ਅੱਜ ਕਿਸਾਨੀ ਅੰਦੋਲਨ ਨੂੰ ਦੇਸ਼ ਵਿਦੇਸ਼ ਤੱਕ ਪਹੁੰਣ ’ਚ ਮੁੱਖ ਰੋਲ ਅਦਾ ਕੀਤਾ।
ਮੁੱਖ ਬੁਲਾਰੇ ਡਾ. ਸਰਬਜਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਰਤਸਰ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਪੇਸ਼ ਬ੍ਰਹਿਮੰਡੀ ਚੇਤਨਾ ਦਾ ਸੰਕਲਪ ਸੰਸਾਰ ਨੂੰ ਅਲਪਕਾਲੀ ਮੰਨਦਾ ਹੋਇਆ ਉਸ ਦੀ ਸਦੀਵੀ ਰਹਿਣ ਵਾਲੀ ਸਥਿਰ ਹੋਂਦ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਪ੍ਰੰਤੂ ਅਸੀਂ ਬ੍ਰਹਿਮੰਡ ਦੇ ਸੰਕਲਪ ਸਬੰਧੀ ਵਿਚਾਰ ਪੇਸ਼ ਕਰਨ ਸਮੇਂ ਆਪਣੀ ਪੂਰਬ ਚਿੰਤਨ ਦਿ੍ਰਸ਼ਟੀ ਉੱਪਰ ਆਧਾਰਿਤ ਸੰਸਾਰ ਨੂੰ ਸੱਚ ਕਹਿਣ ਸਮੇਂ ਗੁਰੂ ਸਾਹਿਬ ਦੀ ਉਪਰੋਕਤ ਬਾਣੀ ਦਿ੍ਰਸ਼ਟੀ ਨੂੰ ਧਿਆਨ ਗੋਚਰੇ ਨਹੀਂ ਰੱਖਦੇ।
ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਾਨਫਰੰਸ ਦੌਰਾਨ ਕਿਹਾ ਕਿ ਆਪਣੀ ਮਿਹਨਤ ਨਾਲ ਪੂਰੇ ਮੁਲਕ ਦਾ ਢਿੱਡ ਭਰਨ ਵਾਲਾ ਅੰਨਦਾਤਾ ਇਸ ਕਿਸਾਨ ਮਾਰੂ ਨੀਤੀਆਂ ਵਿਰੁੱਧ ਆਪਣੀ ਜੱਦੋ-ਜਹਿਦ ਕਰਦਾ ਹੋਇਆ ਅੱਜ ਸੰਘਰਸ਼ ਦੇ ਰਾਹ ਤੁਰ ਪਿਆ ਹੈ।
ਡਾ. ਪਰਮਵੀਰ ਸਿੰਘ ਕੈਨੇਡਾ ਨੇ ਆਨਲਾਇਨ ਸੰਬੋਧਿਤ ਹੁੰਦਿਆਂ ਕਿਹਾ ਕਿ ਬੇਸ਼ੱਕ ਕਿਸਾਨੀ ਅੰਦੋਲਨ ਪੰਜਾਬ ਦੀ ਧਰਤੀ ’ਤੇ ਚੱਲ ਰਿਹਾ ਹੈ ਪਰ ਪਰਦੇਸ ਬੈਠੇ ਪੰਜਾਬੀ ਲੋਕ ਉਸ ਅਨੁਭਵ ਨੂੰ ਆਪਣੇ ਜਿਹਨ ’ਤੇ ਹੰਢਾ ਰਹੇ ਹਨ ਤੇ ਇਸ ਹੰਢਾਏ ਦੁਖਾਂਤ ਨੂੰ ਹੀ ਸਾਹਿਤਕਾਰ ਆਪਣੇ ਸਾਹਿਤ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।
ਸ. ਦਰਸ਼ਨ ਸਿੰਘ ਢਿੱਲੋਂ ਯੂ.ਕੇ. ਨੇ ਕਾਲਜ ਵੱਲੋਂ ਉਲੀਕੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਪਲੇਟਫਾਰਮ ਇਕ ਚੰਗਾ ਸੰਵਾਦ ਰਚਾਉਣ ’ਚ ਅਹਿਮ ਰੋਲ ਅਦਾ ਕਰਦਾ ਹੈ, ਜੋ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੇ ਹਨ।
ਡਾ. ਕੁਲਦੀਪ ਸਿੰਘ ਦੀਪ ਨੇ ਰੰਗਮੰਚ ਦੀ ਗੱਲ ਕਰਦਿਆਂ ਕਿਹਾ ਕਿ ਮੰਚ ਹਮੇਸ਼ਾਂ ਹੀ ਨਵੀਂਆਂ ਉੱਠਦੀਆਂ ਲਹਿਰਾਂ ਅਤੇ ਸੰਘਰਸ਼ੀ ਲੋਕਾਂ ਦੀ ਆਵਾਜ਼ ਬਣ ਕੇ ਆਪਣਾ ਰੋਲ ਨਿਭਾਉਂਦਾ ਹੈ।
ਕਾਨਫਰੰਸ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ .ਪਰਮਜੀਤ ਕੌਰ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਾ ਕਾਰਜ ਡਾ. ਦਵਿੰਦਰ ਸਿੰਘ ਵੱਲੋਂ ਨਿਭਾਇਆ ਗਿਆ।
ਰਿਪੋਰਟ : ਸਰਬਜੀਤ ਸਿੰਘ, ਖਾਲਸਾ ਕਾਲਜ ਪਟਿਆਲਾ

Share