ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ‘ਆਪ’ ਉਮੀਦਵਾਰ ਡਾ. ਬਲਵੀਰ ਸਿੰਘ ਖ਼ਿਲਾਫ਼ ਕੇਸ ਦਰਜ

169
Share

ਪਟਿਆਲਾ, 24 ਜਨਵਰੀ (ਪੰਜਾਬ ਮੇਲ)- ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਪਟਿਆਲਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ. ਬਲਵੀਰ ਸਿੰਘ ਖ਼ਿਲਾਫ਼ ਥਾਣਾ ਤਿ੍ਰਪੜੀ ਪਟਿਆਲਾ ਵਿਚ ਕੇਸ ਦਰਜ ਕੀਤਾ ਗਿਆ ਹੈ। ਪਟਿਆਲਾ ਦਿਹਾਤੀ ਹਲਕੇ ਦੇ ਰਿਟਰਨਿੰਗ ਅਫਸਰ ਵਜੋਂ ਕਾਰਜਸ਼ੀਲ ਏ.ਡੀ.ਸੀ. (ਸ਼ਹਿਰੀ ਵਿਕਾਸ) ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਇਹ ਮਾਮਲਾ ਇੱਥੇ ਸਰਹਿੰਦ ਰੋਡ ’ਤੇ ਸਥਿਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਸਾਹਮਣੇ ਕੀਤੀ ਗਈ ਰੈਲੀ ਨਾਲ ਜੁੜਿਆ ਹੋਇਆ ਹੈ। ਦਰਜ ਕੀਤੇ ਗਏ ਕੇਸ ’ਚ ਇਹ ਟਿੱਪਣੀ ਵੀ ਕੀਤੀ ਗਈ ਹੈ ਕਿ ‘ਆਪ’ ਉਮੀਦਵਾਰ ਨੇ ਕਥਿਤ ਤੌਰ ’ਤੇ ਇਹ ਰੈਲੀ ਕਰ ਕੇ ਕੋਵਿਡ-19 ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਰਿਟਰਨਿੰਗ ਅਫਸਰ ਦੇ ਹਵਾਲੇ ਨਾਲ ਇਹ ਵੀ ਆਖਿਆ ਗਿਆ ਹੈ ਕਿ ‘ਆਪ’ ਉਮੀਦਵਾਰ ਖ਼ਿਲਾਫ਼ ਇਸੇ ਹਲਕੇ ਦੇ ਇੱਕ ਹੋਰ ਉਮੀਦਵਾਰ ਨੇ ਵੀ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੇਸ਼ ਕੀਤੇ ਗਏ ਸਬੂਤ ਪੜਤਾਲ ਦੌਰਾਨ ਸਾਬਤ ਨਹੀਂ ਹੋਏ। ‘ਆਪ’ ਉਮੀਦਵਾਰ ਡਾ. ਬਲਵੀਰ ਸਿੰਘ ਨੇ ਆਪਣੇ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਗਲਤ ਅਤੇ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਦੱਸਿਆ ਹੈ।

Share