ਚੋਣ ਸਰਵੇਖਣਾਂ ’ਚ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ਦਾ ਅੰਦਾਜ਼ਾ

244
Share

-ਯੂ.ਪੀ. ’ਚ ਖਿੜ ਸਕਦਾ ਹੈ ਭਾਜਪਾ ਦਾ ‘ਕਮਲ’
-ਉੱਤਰਖੰਡ ’ਚ ਕਾਂਗਰਸ-ਭਾਜਪਾ ’ਚ ਬਰਾਬਰ ਟੱਕਰ; ਮਨੀਪੁਰ ’ਚ ਕੌਮੀ ਜਮਹੂਰੀ ਗੱਠਜੋੜ ਦਾ ਹੱਥ ਉੱਤੇ ਰਹਿਣ ਅਤੇ ਗੋਆ ਵਿਚ ‘ਖਿਚੜੀ’ ਬਣਨ ਦਾ ਦਾਅਵਾ
ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਚੋਣ ਸਰਵੇਖਣਾਂ (ਐਗਜ਼ਿਟ ਪੋਲਜ਼) ਵਿਚ ਉੱਤਰ ਪ੍ਰਦੇਸ਼ ਵਿਚ ਮੁੜ ਭਾਜਪਾ, ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦਾ ਸਰਕਾਰ ਆਉਣ ਦਾ ਅੰਦਾਜ਼ਾ ਲਾਇਆ ਗਿਆ ਹੈ। ਉੱਤਰਾਖੰਡ ’ਚ ਭਾਜਪਾ ਤੇ ਕਾਂਗਰਸ ਦਰਮਿਆਨ ਬਰਾਬਰ ਦੀ ਟੱਕਰ ਦਿਖਾਈ ਗਈ ਹੈ। ਬਹੁਤੇ ਚੋਣ ਸਰਵੇਖਣਾਂ ਵਿਚ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਦੀ ਸੰਭਾਵਨਾ ਦਿਖਾਈ ਗਈ ਹੈ ਅਤੇ ‘ਆਪ’ ਨੂੰ 117 ਵਿਧਾਨ ਸਭਾ ਸੀਟਾਂ ਵਿਚੋਂ 76 ਤੋਂ 96 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ। ਕਾਂਗਰਸ ਨੂੰ ਦੂਜਾ ਸਥਾਨ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ। ਸੀ.ਐੱਨ.ਐੱਨ. ਨਿਊਜ਼ 18, ਰਿਪਬਲਿਕ ਟੀ.ਵੀ. ਤੇ ਨਿਊਜ਼ ਐਕਸ ਚੈਨਲਾਂ ਦੇ ਐਗਜ਼ਿਟ ਪੋਲਾਂ ਮੁਤਾਬਕ ਯੂ.ਪੀ. ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੂੰ 211 ਤੋਂ 277 ਸੀਟਾਂ ਮਿਲ ਰਹੀਆਂ ਹਨ, ਜਦੋਂਕਿ ਇਸ ਦੀ ਰਵਾਇਤੀ ਵਿਰੋਧੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ 119 ਤੋਂ 160 ਦਰਮਿਆਨ ਸੀਟਾਂ ਮਿਲਣ ਦਾ ਦਾਅਵਾ ਕੀਤਾ ਜਾ ਰਿਹੈ। ਮਨੀਪੁਰ ਵਿਚ ਕਾਂਗਰਸ ਦੇ ਮੁਕਾਬਲੇ ਭਾਜਪਾ, ਐੱਨ.ਪੀ.ਪੀ., ਐੱਨ.ਪੀ.ਐੱਫ. ਤੇ ਜੇਡੀ (ਯੂ) ਗੱਠਜੋੜ ਦਾ ਹੱਥ ਉੱਚਾ ਰਹਿਣ ਅਤੇ ਗੋਆ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮੱਤ ਨਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

Share