-ਚਾਰ ਸੂਬਿਆਂ ’ਚ ਅਬਜ਼ਰਵਰ ਭੇਜੇ
-ਅਜੈ ਮਾਕਨ ਅਤੇ ਪਵਨ ਖੇੜਾ ਨੂੰ ਪੰਜਾਬ, ਦੀਪਿੰਡਰ ਹੁੱਡਾ ਨੂੰ ਉੱਤਰਾਖੰਡ ਤੇ ਗੋਆ ਦੀ ਜ਼ਿੰਮੇਵਾਰ ਡੀ.ਕੇ. ਸ਼ਿਵਕੁਮਾਰ ਨੂੰ ਸੌਂਪੀ
ਨਵੀਂ ਦਿੱਲੀ, 8 ਮਾਰਚ (ਪੰਜਾਬ ਮੇਲ)- ਕਾਂਗਰਸ ਪਾਰਟੀ ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ਦੀਆਂ ਵਿਧਾਨ ਸਭਾ ਚੋਣਾਂ ’ਚ ਸਪੱਸ਼ਟ ਬਹੁਮਤ ਨਾ ਮਿਲਣ ਦੀ ਸਥਿਤੀ ’ਚ ਆਪਣੇ ਨਵੇਂ ਚੁਣੇ ਵਿਧਾਇਕਾਂ ਨੂੰ ਇਕਜੁੱਟ ਰੱਖਣ ਲਈ ਤਿਆਰੀ ਵਿਚ ਜੁੱਟ ਗਈ ਹੈ। ਪਾਰਟੀ ਨੇ ਇਨ੍ਹਾਂ ਸੂਬਿਆਂ ਵਿਚ ਕੁਝ ਸੀਨੀਅਰ ਆਗੂਆਂ ਨੂੰ ਅਬਜ਼ਰਵਰ ਦੀ ਜ਼ਿੰਮੇਵਾਰੀ ਸੌਂਪੀ ਹੈ। ਸੂਤਰਾਂ ਅਨੁਸਾਰ ਜਨਰਲ ਸਕੱਤਰ ਅਜੈ ਮਾਕਨ ਅਤੇ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੂੰ ਪੰਜਾਬ, ਦੀਪਿੰਦਰ ਹੂਡਾ ਨੂੰ ਉੱਤਰਾਖੰਡ, ਕਰਨਾਟਕ ਕਾਂਗਰਸ ਦੇ ਮੁਖੀ ਡੀ.ਕੇ. ਸ਼ਿਵਕੁਮਾਰ ਨੂੰ ਗੋਆ ਅਤੇ ਮੁਕੁਲ ਵਾਸਨਿਕ, ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀ.ਐੱਸ. ਦਿਓ ਤੇ ਵਿਨਸੈਂਟ ਪਾਲਾ ਨੂੰ ਮਣੀਪੁਰ ਦਾ ਅਬਜ਼ਰਵਰ ਲਾਇਆ ਗਿਆ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਉੱਤਰਾਖ਼ੰਡ ’ਚ ਵਿਧਾਇਕਾਂ ਨੂੰ ਇਕਜੁੱਟ ਰੱਖਣ ’ਚ ਆਪਣੀ ਭੂਮਿਕਾ ਨਿਭਾਉਣਗੇ। ਇਸ ਸੂਬਿਆਂ ਦੇ ਇੰਚਾਰਜ ਅਤੇ ਚੋਣ ਅਬਜ਼ਰਵਰ ਵੀ ਅਗਲੇ ਕੁਝ ਦਿਨ ਚਾਰੇ ਸੂਬਿਆਂ ’ਚ ਮੌਜੂਦ ਰਹਿਣਗੇ। ਪਾਰਟੀ ਸੂਤਰਾਂ ਅਨੁਸਾਰ ਇਨ੍ਹਾਂ ਚਾਰੇ ਸੂਬਿਆਂ ਵਿਚ ਇਹ ਸੀਨੀਅਰ ਆਗੂ ਸਪੱਸ਼ਟ ਬਹੁਮਤ ਨਾ ਮਿਲਣ ਦੀ ਸਥਿਤੀ ਵਿਚ ਆਪਣੀ ਪਾਰਟੀ ਨੂੰ ਇੱਕਜੁਟ ਰੱਖਣ ਦੇ ਨਾਲ ਹੀ ਸਥਾਨਕ ਪਾਰਟੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ, ਤਾਂ ਜੋ ਸਰਕਾਰ ਦੇ ਗਠਨ ਦੀ ਸੰਭਾਵਨਾ ਮਜ਼ਬੂਤ ਬਣੀ ਰਹੇ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ, ‘‘ਪਾਰਟੀ ਇਸ ਵਾਰ ਕੋਈ ਜ਼ੋਖਿਮ ਨਹੀਂ ਲੈਣਾ ਚਾਹੁੰਦੀ।’’