ਚੋਣ ਕਮਿਸ਼ਨ ਵੱਲੋਂ ਮਹਾਮਾਰੀ ਦਰਮਿਆਨ ਹੋਣ ਵਾਲੀਆਂ ਚੋਣਾਂ ਲਈ ਦਿਸ਼ਾ-ਨਿਰਦੇਸ਼ ਜਾਰੀ

719
Share

– ਵੋਟਰਾਂ ਨੂੰ ਮਿਲਣਗੇ ਡਿਸਪੋਜ਼ੇਬਲ ਦਸਤਾਨੇ, ਪੋਲਿੰਗ ਬੂਥਾਂ ‘ਤੇ ਹੋਵੇਗੀ ਥਰਮਲ ਸਕੈਨਿੰਗ
ਨਵੀਂ ਦਿੱਲੀ, 21 ਅਗਸਤ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਕਰੋਨਾ ਮਹਾਮਾਰੀ ਦੌਰਾਨ ਹੋਣ ਵਾਲੀਆਂ ਚੋਣਾਂ ਲਈ ਤਫ਼ਸੀਲ ‘ਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਮਸ਼ੀਨ ਦਾ ਬਟਨ ਦੱਬਣ ਲਈ ਵੋਟਰਾਂ ਨੂੰ ਡਿਸਪੋਜ਼ੇਬਲ ਦਸਤਾਨੇ ਮੁਹੱਈਆ ਕਰਵਾਏ ਜਾਣਗੇ ਅਤੇ ਇਕਾਂਤਵਾਸ ਕੀਤੇ ਕੋਵਿਡ-19 ਮਰੀਜ਼ਾਂ ਨੂੰ ਵੋਟਾਂ ਵਾਲੇ ਦਿਨ ਐਨ ਆਖਰੀ ਘੰਟੇ ਵਿਚ ਵੋਟ ਪਾਉਣ ਦੀ ਖੁੱਲ੍ਹ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ‘ਕੰਟੇਨਮੈਂਟ ਜ਼ੋਨ’ ਐਲਾਨੇ ਖੇਤਰਾਂ ਵਿੱਚ ਰਹਿੰਦੇ ਵੋਟਰਾਂ ਲਈ ਵੱਖਰੇ ਤੌਰ ‘ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਕਮਿਸ਼ਨ ਨੇ ਚੋਣਾਂ ਤੋਂ ਇਕ ਦਿਨ ਪਹਿਲਾਂ ਪੋਲਿੰਗ ਸਟੇਸ਼ਨਾਂ ਨੂੰ ਲਾਜ਼ਮੀ ਸੈਨੇਟਾਈਜ਼ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਹਰ ਪੋਲਿੰਗ ਸਟੇਸ਼ਨ ਦੇ ਬਾਹਰ ਦਾਖਲਾ ਗੇਟ ਨੇੜੇ ਵੋਟਰਾਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਦਿਸ਼ਾ ਨਿਰਦੇਸ਼ਾਂ ਮੁਤਾਬਕ ਇਕ ਪੋਲਿੰਗ ਸਟੇਸ਼ਨ ‘ਤੇ 1500 ਦੀ ਥਾਂ ਵੱਧ ਤੋਂ ਵੱਧ ਇਕ ਹਜ਼ਾਰ ਵੋਟਰਾਂ ਦੇ ਦਾਖ਼ਲੇ ਦੀ ਹੀ ਇਜਾਜ਼ਤ ਹੋਵੇਗੀ। ਚੋਣ ਕੰਪੇਨ ਦੌਰਾਨ ਉਮੀਦਵਾਰ ਸਮੇਤ ਪੰਜ ਵਿਅਕਤੀਆਂ ਦੇ ਸਮੂਹ ਨੂੰ ਹੀ ਘਰ ਘਰ ਜਾ ਕੇ ਚੋਣ ਪ੍ਰਚਾਰ ਦੀ ਖੁੱਲ੍ਹ ਹੋਵੇਗੀ। ਰੋਡਸ਼ੋਅ ਮੌਕੇ ਦਸ ਦੀ ਥਾਂ ਪੰਜ ਵਾਹਨਾਂ ਤੋਂ ਬਾਅਦ ਥੋੜ੍ਹੀ ਵਿੱਥ ਨਾਲ ਅਗਲੇ ਪੰਜ ਵਾਹਨਾਂ ਦਾ ਕਾਫ਼ਲਾ ਚੱਲੇਗਾ। ਜਨਤਕ ਰੈਲੀਆਂ ਤੇ ਇਕੱਠ ਕੋਵਿਡ-19 ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਕੀਤੇ ਜਾ ਸਕਣਗੇ। ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਜਨਤਕ ਰੈਲੀਆਂ ਲਈ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਚੇਤੇ ਰਹੇ ਕਿ ਬਿਹਾਰ ਪਹਿਲਾ ਸੂਬਾ ਜਿੱਥੇ ਕਰੋਨਾ ਮਹਾਮਾਰੀ ਦਰਮਿਆਨ ਅਕਤੂਬਰ-ਨਵੰਬਰ ਵਿੱਚ ਚੋਣਾਂ ਹੋਣੀਆਂ ਹਨ।


Share