ਚੋਣ ਕਮਿਸ਼ਨ ਵੱਲੋਂ ਬਿਹਾਰ ਚੋਣਾਂ ਦਾ ਐਲਾਨ; ਤਿੰਨ ਗੇੜਾਂ ‘ਚ ਚੋਣਾਂ

546
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰਦੇ ਹੋਏ।

ਨਵੀਂ ਦਿੱਲੀ, 26 ਸਤੰਬਰ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਐਲਾਨੇ ਚੋਣ ਪ੍ਰੋਗਰਾਮ ਤਹਿਤ ਚੋਣਾਂ ਤਿੰਨ ਗੇੜਾਂ ‘ਚ ਹੋਣਗੀਆਂ ਤੇ ਪਹਿਲੇ ਗੇੜ ਲਈ 28 ਅਕਤੂਬਰ ਨੂੰ ਵੋਟਾਂ ਪੈਣਗੀਆਂ। ਦੂਜਾ ਤੇ ਤੀਜਾ ਗੇੜ ਕ੍ਰਮਵਾਰ 3 ਤੇ 7 ਨਵੰਬਰ ਨੂੰ ਹੋਵੇਗਾ। ਨਤੀਜਿਆਂ ਦਾ ਐਲਾਨ 10 ਨਵੰਬਰ ਨੂੰ ਕੀਤਾ ਜਾਵੇਗਾ। ਕੋਵਿਡ-19 ਮਹਾਮਾਰੀ ਦੌਰਾਨ ਇਹ ਪਹਿਲੀਆਂ ਵੱਡੀਆਂ ਚੋਣਾਂ ਹਨ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਬਿਹਾਰ ਵਿਚ ਆਦਰਸ਼ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਤਿੰਨ ਗੇੜਾਂ ਦੌਰਾਨ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਵੇਗੀ, ਪਰ ਵੋਟਾਂ ਪੈਣ ਦਾ ਅਮਲ ਸ਼ਾਮ ਪੰਜ ਵਜੇ ਦੀ ਥਾਂ 6 ਵਜੇ ਤੱਕ ਚੱਲੇਗਾ। ਖੱਬੇਪੱਖੀ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ‘ਚ ਵੋਟਾਂ ਸਵੇਰੇ ਸੱਤ ਤੋਂ ਸ਼ਾਮ 5 ਵਜੇ ਤੱਕ ਹੀ ਪੈਣਗੀਆਂ। ਸ਼ਾਮ 5 ਤੋਂ 6 ਵਜੇ ਤੱਕ ਦਾ ਇਕ ਘੰਟਾ ਕੋਵਿਡ-19 ਮਰੀਜ਼ਾਂ ਲਈ ਹੋਵੇਗਾ ਤਾਂ ਕਿ ਉਹ ਇਸ ਆਖਰੀ ਘੰਟੇ ਦੌਰਾਨ ਵੋਟਾਂ ਪਾ ਸਕਣ। ਸ਼੍ਰੀ ਅਰੋੜਾ ਨੇ ਕਿਹਾ, ‘ਦੇਸ਼ ‘ਚ ਆਖਰੀ ਪ੍ਰਮੁੱਖ ਚੋਣਾਂ (ਦਿੱਲੀ ਚੋਣਾਂ) ਮਗਰੋਂ ਹੁਣ ਤੱਕ ਕੁੱਲ ਆਲਮ ਵਿਚ ਵੱਡਾ ਬਦਲਾਅ ਆਇਆ ਹੈ। ਕੋਵਿਡ-19 ਮਹਾਮਾਰੀ ਨੇ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਅਸਰਅੰਦਾਜ਼ ਕੀਤਾ ਹੈ, ਜਿਸ ਕਰਕੇ ਸਾਨੂੰ ਨਵੇਂ ਨੇਮ ਬਣਾਉਣੇ ਪਏ ਹਨ। ਸ਼੍ਰੀ ਅਰੋੜਾ ਨੇ ਕਿਹਾ ਕਿ 28 ਅਕਤੂਬਰ ਦੇ ਪਹਿਲੇ ਗੇੜ ਵਿਚ 71 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ, 3 ਨਵੰਬਰ ਦੇ ਦੂਜੇ ਗੇੜ ‘ਚ 84 ਜਦੋਂਕਿ ਤੀਜੇ ਤੇ ਆਖਰੀ ਗੇੜ ਵਿਚ 78 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਹੋਵੇਗੀ। ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।