ਚੋਣ ਕਮਿਸ਼ਨ ਨੇ ਰੋਡ ਸ਼ੋਅ, ਰੈਲੀਆਂ ’ਤੇ 11 ਫਰਵਰੀ ਤੱਕ ਵਧਾਈ ਪਾਬੰਦੀ

292
Share

-ਡੋਰ-ਟੂ-ਡੋਰ ਪ੍ਰਚਾਰ ਤੇ ਜਨਤਕ ਇਕੱਠਾਂ ਨਾਲ ਸਬੰਧਤ ਪਾਬੰਦੀਆਂ ’ਚ ਢਿੱਲ
ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਪੰਜ ਰਾਜਾਂ ’ਚ ਰੋਡ ਸ਼ੋਅ, ਪੈਦਲ ਯਾਤਰਾ, ਵਾਹਨ ਰੈਲੀਆਂ ਤੇ ਜਲੂਸਾਂ ਉਤੇ ਲਾਈਆਂ ਪਾਬੰਦੀਆਂ 11 ਫਰਵਰੀ ਤੱਕ ਵਧਾ ਦਿੱਤੀਆਂ ਹਨ, ਪਰ ਸਾਰੇ ਗੇੜਾਂ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ ਤੇ ਲੋਕਾਂ ਦੇ ਇਕੱਠਾਂ ਨਾਲ ਸਬੰਧਤ ਨਿਯਮਾਂ ’ਚ ਢਿੱਲ ਦੇ ਦਿੱਤੀ ਹੈ। ਛੋਟ ਤਹਿਤ ਘਰ-ਘਰ ਜਾ ਕੇ ਪ੍ਰਚਾਰ ਕਰਨ ਵਾਲਿਆਂ ਦੀ ਗਿਣਤੀ 10 ਤੋਂ ਵਧਾ ਕੇ 20 ਕਰ ਦਿੱਤੀ ਗਈ ਹੈ ਤੇ ਇਕੱਠ ਵਿਚ ਹੁਣ ਵੱਧ ਤੋਂ ਵੱਧ 1000 ਲੋਕ ਸ਼ਾਮਲ ਹੋ ਸਕਦੇ ਹਨ। ਕਮਿਸ਼ਨ ਨੇ ਇਨਡੋਰ ਬੈਠਕਾਂ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵੀ ਵਰਤਮਨ 300 ਤੋਂ ਵਧਾ ਕੇ 500 ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਵਰਚੁਅਲ ਸਮੀਖਿਆ ਬੈਠਕ ਦੌਰਾਨ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੇ ਕਮਿਸ਼ਨ ਨੂੰ ਕੋਵਿਡ-19 ਦੀ ਸਥਿਤੀ ਬਾਰੇ ਸੂਚਿਤ ਕੀਤਾ ਸੀ, ਜਿਨ੍ਹਾਂ ਦੇ ਮਾਮਲਿਆਂ ਵਿਚ ਕਮੀ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਇਰਸ ਫੈਲਣ ਦੀ ਦਰ ਵੀ ਘੱਟ ਰਹੀ ਹੈ ਤੇ ਹਸਪਤਾਲਾਂ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੀ ਘਟੀ ਹੈ। ਹਾਲਾਂਕਿ ਰਾਜਾਂ ਦੇ ਅਧਿਕਾਰੀਆਂ ਨੇ ਕਮਿਸ਼ਨ ਨੂੰ ਜਾਣੂ ਕਰਾਇਆ ਕਿ ਕੋਵਿਡ ਦੀਆਂ ਸਾਵਧਾਨੀਆਂ ਜਾਰੀ ਰੱਖਣ ਦੀ ਲੋੜ ਹੈ, ਤਾਂ ਕਿ ਸਿਆਸੀ ਗਤੀਵਿਧੀਆਂ ਕਾਰਨ ਕੇਸਾਂ ਵਿਚ ਵਾਧਾ ਨਾ ਹੋਵੇ।
ਕੇਂਦਰੀ ਸਿਹਤ ਸਕੱਤਰ ਤੋਂ ਵੀ ਸਥਿਤੀ ਦੀ ਜਾਣਕਾਰੀ ਲਈ ਗਈ। ਕਮਿਸ਼ਨ ਨੇ ਗੋਆ, ਮਨੀਪੁਰ, ਪੰਜਾਬ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਇਹ ਸਮੀਖਿਆ ਬੈਠਕ ਕੀਤੀ ਸੀ। ਕਮਿਸ਼ਨ ਨੇ ਡੋਰ-ਟੂ-ਡੋਰ ਪ੍ਰਚਾਰ ਮੁਹਿੰਮ ਲਈ ਸੁਰੱਖਿਆ ਕਰਮੀਆਂ ਤੋਂ ਇਲਾਵਾ 10 ਲੋਕਾਂ ਦੀ ਥਾਂ ਹੁਣ 20 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਬਾਕੀ ਪਾਬੰਦੀਆਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ।

Share