ਚੀਫ਼ ਖ਼ਾਲਸਾ ਦੀਵਾਨ ਵਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ 149ਵਾਂ ਜਨਮ ਦਿਹਾੜਾ ਮਨਾਇਆ ਗਿਆ।

175
Share

ਅੰਮ੍ਰਿਤਸਰ, 5 ਦਸੰਬਰ (ਪੰਜਾਬ ਮੇਲ)- ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਸ੍ਰ.ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੀਫ਼ ਖ਼ਾਲਸਾ ਦੀਵਾਨ ਦੇ ਮੋਢੀ ਸਿਰਜਕਾਂ ਵਿਚੋਂ ਪ੍ਰਮੁੱਖ ਸ਼ਖਸੀਅਤ ਅਤੇ ਮਹਾਨ ਸਾਹਿਤਕਾਰ ਡਾ:ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਸੰਗਤੀ ਰੂਪ ਵਿਚ ਪਾਠ ਕੀਤਾ ਗਿਆ ਅਤੇ ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਦੇ ਰਾਗੀ ਜੱਥੇ ਨੇ ਰੱਬੀ ਬਾਣੀ ਵਿਚ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਸਨਮਾਨ ਨਾਲ ਨਿਵਾਜੇ ਗਏ ਸ੍ਰ.ਤਰਲੋਚਨ ਸਿੰਘ, ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਘੇ ਸਿੱਖ ਵਿਦਵਾਨ ਸ੍ਰ.ਤਰਲੋਚਨ ਸਿੰਘ ਨੇ ਸਿੱਖਾਂ ਲਈ ਸਮਕਾਲੀ ਕਠਿਨ ਹਲਾਤਾਂ ਵਿਚ ਨਵ—ਚੇਤਨਾ ਦੇ ਮੋਢੀ ਭਾਈ ਵੀਰ ਸਿੰਘ ਜੀ ਵਲੋ ਸਿੱਖੀ ਦੇ ਪ੍ਰਚਾਰ—ਪ੍ਰਸਾਰ ਲਈ ਕੀਤੇ ਯਤਨਾਂ ਦੀ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਇਨਸਾਨ ਦੀ ਜਿਤਨੀ ਧਰਮ ਪਰਿਪੱਕਤਾ ਸਹਿਜ ਰੂਪ ਵਿਚ ਬਾਲ ਅਵਸਥਾ ਵਿਚ ਵਿਦਿਆ ਰਾਹੀਂ ਕੀਤੀ ਜਾ ਸਕਦੀ ਹੈ, ਉਤਨੀ ਕਿਸੇ ਹੋਰ ਸਾਧਨ ਰਾਹੀਂ ਨਹੀਂ। ਉਹਨਾਂ ਦੁੱਖ ਪ੍ਰਗਟ ਕੀਤਾ ਕਿ ਅੱਜ ਦੀ ਪੀੜ੍ਹੀ ਵਲੋਂ ਇਥੋਂ ਤੱਕ ਵੀ ਕਾਲਜਾਂ, ਯੂਨੀਵਰਸਿਟੀਆਂ ਵਿਚ ਵੀ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਨੂੰ ਭੁਲਾਇਆ ਜਾ ਰਿਹਾ ਹੈ। ਉਹਨਾਂ ਸਿੱਖ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਣ ਲਈ ਭਾਈ ਵੀਰ ਸਿੰਘ ਜੀ ਵਰਗੀ ਪੰਥ—ਪ੍ਰਦਰਸ਼ਕ ਸ਼ਖਸੀਅਤ ਨੂੰ ਹਮੇਸ਼ਾਂ ਯਾਦ ਰੱਖਣ ਅਤੇ ਸਿੱਖੀ ਦੇ ਪ੍ਰਚਾਰ—ਪ੍ਰਸਾਰ ਲਈ ਸਿੱਖ ਸੰਸਥਾਵਾਂ ਵੱਲੋ ਵਿਸ਼ੇਸ਼ ਯਤਨ ਕਰਨ ਦੀ ਲੋੜ੍ਹ ਤੇ ਜੋਰ ਦਿੱਤਾ।
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ ਨੇ ਆਏ ਹੋਏ ਮਹਿਮਾਨਾਂ ਨੂੰ ‘‘ਜੀ ਆਇਆਂ ਨੂੰ** ਆਖਦਿਆਂ ਭਾਈ ਵੀਰ ਸਿੰਘ ਜੀ ਦੀ ਅਦੁੱਤੀ ਸ਼ਖਸੀਅਤ ਨੂੰ ਸਰਧਾਂਜਲੀ ਦਿੰਦੇ ਹੋਏ ਵਿਸ਼ਵ ਪੱਧਰ ਤੇ ਉਹਨਾਂ ਦੀ ਨਿਵੇਕਲੀ ਪਹਿਚਾਣ ਦੀ ਗੱਲ ਕੀਤੀ ਅਤੇ ਪ੍ਰਧਾਨ ਸ੍ਰ.ਨਿਰਮਲ ਸਿੰਘ ਦਾ ਸੰਦੇਸ਼ ਪੜਦਿਆਂ ਉਹਨਾਂ ਭਾਈ ਵੀਰ ਸਿੰਘ ਦੇ ਸਮਕਾਲ ਦੀਆਂ ਪ੍ਰਮੁੱਖ ਸੰਸਥਾਵਾਂ, ਜਨ ਕਲਿਆਣ ਦੀ ਭਲਾਈ ਲਈ ਸਥਾਪਿਤ ਕੀਤੇ ਯਤੀਮਖਾਨੇ, ਹਸਪਤਾਲਾਂ, ਬਿਰਧਘਰਾਂ, ਆਸ਼ਰਮਾਂ, ਸਿੱਖੀ ਪ੍ਰਚਾਰ ਦੇ ਵਿਦਿਆਲੇ, ਖਾਲਸਾ ਕਾਲਜ, ਚੀਫ਼ ਖ਼ਾਲਸਾ ਦੀਵਾਨ, ਪੰਜਾਬ ਐਂਡ ਸਿੰਧ ਬੈਂਕ ਆਦਿ ਦੀ ਸਥਾਪਨਾ ਵਿਚ ਭਾਈ ਵੀਰ ਸਿੰਘ ਜੀ ਵਲੋਂ ਤਨ—ਮਨ—ਧਨ ਨਾਲ ਦਿੱਤੇ ਵੱਡਮੁਲੇ ਯੋਗਦਾਨ ਤੇ ਚਾਨਣਾ ਪਾਇਆ। ਇਸ ਮੋਕੇ ਉਹਨਾਂ ਪ੍ਰਧਾਨ ਸ੍ਰ.ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਲੇ ਸਾਲ 2022 ਵਿਚ ਭਾਈ ਵੀਰ ਸਿੰਘ ਜੀ ਦੇ 150ਵੇਂ ਯਾਦਗਾਰੀ ਜਨਮ ਦਿਹਾੜੇ ਨੂੰ ਸਮਰਪਿਤ ਵੱਡੇ ਪੱਧਰ ਤੇ ਭਾਈ ਵੀਰ ਸਿੰਘ ਜੀ ਦਾ ਜਨਮ ਦਿਵਸ ਮਨਾਉਣ ਦੀ ਗੱਲ ਕਹੀ ਤਾਂ ਜੋ ਨਵੀਂ ਪਨੀਰੀ ਨੂੰ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਅਤੇ ਰਚਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।
ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ੍ਰ.ਹਰੀ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੱਖੀ ਪ੍ਰਚਾਰ—ਪ੍ਰਸਾਰ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਤ ਤਿਆਰ ਕੀਤੀ ਗਈ ਡਾਕੂਮੇਟਰੀ ਫਿਲਮ ਅਤੇ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਵਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਿਧਾਂਤਾਂ ਅਧਾਰਿਤ ਪ੍ਰੀਖਿਆ (ਜਿਸ ਵਿਚ ਕੁੱਲ 5400 ਵਿਦਿਆਰਥੀਆਂ ਨੇ ਭਾਗ ਲਿਆ) ਵਿੱਚ 100 ਪ੍ਰਤੀਸ਼ਤ ਅੰਕ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੋਰਾਨ ਸਟੇਜ ਸਕੱਤਰ ਦੀ ਭੂਮਿਕਾ ਡਾ.ਜਸਬੀਰ ਸਿੰਘ ਸਾਬਰ ਵਲੋ ਬਾਖੂਬੀ ਨਿਭਾਈ ਗਈ।
ਇਸ ਮੋਕੇ ਭਾਈ ਵੀਰ ਸਿੰਘ ਜੀ ਦੇ 149ਵੇਂ ਜਨਮਦਿਨ ਨੂੰ ਸਮਰਪਿਤ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਤੀਨਿਧ ਪੱਤਰ ‘‘ਖਾਲਸਾ ਐਡਵੋਕੇਟ** ਜਿਹੜਾ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਲੋਂ ਸ਼ੁਰੂ ਕੀਤਾ ਗਿਆ ਸੀ, ਦਾ ਵਿਸ਼ੇਸ਼ ਅੰਕ ਵੀ ਰਿਲੀਜ ਕੀਤਾ ਗਿਆ ਜਿਸ ਵਿਚ ਭਾਈ ਵੀਰ ਸਿੰਘ ਦੇ ਜੀਵਨ, ਪ੍ਰਾਪਤੀਆਂ ਅਤੇ ਵੱਖ—ਵੱਖ ਸਿੱਖ ਸੰਸਥਾਵਾਂ ਵਿਚ ਉਹਨਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਲੇਖ ਦਰਜ ਕੀਤੇ ਗਏ ਹਨ।
ਅੰਤ ਦੀਵਾਨ ਅਹੁਦੇਦਾਰਾਂ ਨੇ ਚੀਫ਼ ਖ਼ਾਲਸਾ ਦੀਵਾਨ ਦੀ ਆਨ—ਸ਼ਾਨ ਨੂੰ ਇਸ ਦੇ ਮੋਢੀ ਸਿਰਜਕ ਭਾਈ ਵੀਰ ਸਿੰਘ ਜੀ ਦੀ ਭਾਵਨਾਵਾਂ ਅਨੁਸਾਰ ਕੰਮ ਕਰਨ ਦੀ ਵਚਨਬੱਧਤਾ ਦਰਸਾਈ। ਇਸ ਮੋਕੇ ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ, ਸ੍ਰ.ਜਸਪਾਲ ਸਿੰਘ ਢਿੱਲੋ, ਪ੍ਰੋ:ਹਰੀ ਸਿੰਘ, ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਰਜਿੰਦਰ ਸਿੰਘ ਮਰਵਾਹਾ, ਸ੍ਰ.ਮਨਮੋਹਨ ਸਿੰਘ, ਸ੍ਰ.ਮੋਹਨਜੀਤ ਸਿੰਘ ਭੱਲਾ, ਇੰਜੀ:ਜਸਪਾਲ ਸਿੰਘ, ਪ੍ਰੋ:ਵਰਿਆਮ ਸਿੰਘ, ਸ੍ਰ.ਪ੍ਰਦੀਪ ਸਿੰਘ ਵਾਲੀਆ, ਸ੍ਰ.ਨਵਤੇਜ਼ ਸਿੰਘ ਨਾਰੰਗ, ਸ੍ਰ.ਰਾਬਿੰਦਰਬੀਰ ਸਿੰਘ ਭੱਲਾ, ਸ੍ਰ.ਜੋਗਿੰਦਰ ਸਿੰਘ ਅਰੋੜਾ, ਸ੍ਰ.ਹਰਮਨਜੀਤ ਸਿੰਘ, ਸ੍ਰ.ਗੁਰਬਖਸ਼ ਸਿੰਘ ਬੇਦੀ, ਪ੍ਰੋ:ਸੂਬਾ ਸਿੰਘ, ਸ੍ਰ.ਆਤਮਜੀਤ ਸਿੰਘ, ਸ੍ਰ.ਅਵਤਾਰ ਸਿੰਘ ਘੁੱਲਾ, ਸ੍ਰ.ਕੁਲਵਿੰਦਰ ਸਿੰਘ ਮਰਵਾਹਾ, ਡਾ.ਕੁਲਵੰਤ ਸਿੰਘ, ਸ੍ਰ.ਅਮਰਦੀਪ ਸਿੰਘ, ਸ੍ਰ.ਇਕਬਾਲ ਸਿੰਘ ਸ਼ੈਰੀ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਸਮੀਜੀਵ ਸਿੰਘ, ਸ੍ਰ.ਰਿਪੂਦਮਨ ਸਿੰਘ, ਸ੍ਰ.ਦਵਿੰਦਰ ਸਿੰਘ, ਸ੍ਰ.ਜਸਬੀਰ ਸਿੰਘ ਅਜਨਾਲਾ, ਸ੍ਰ.ਸਵਰਾਜ ਸਿੰਘ ਸ਼ਾਮ, ਡਾ.ਜਸਬੀਰ ਸਿੰਘ ਸਾਬਰ, ਡਾ.ਧਰਮਵੀਰ ਸਿੰਘ ਪ੍ਰਿੰਸੀਪਲ/ਡਾਇਰੈਕਟਰ, ਅੰਡਰ ਸੈਕਟਰੀ ਸ੍ਰ.ਹਰਭਜਨ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।


Share