ਚੀਨ ਸਮੇਤ 26 ਮੁਲਕਾਂ ਵੱਲੋਂ ਅਮਰੀਕਾ ਤੇ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੁਰੰਤ ਹਟਾਉਣ ਦੀ ਮੰਗ

654

ਸੰਯੁਕਤ ਰਾਸ਼ਟਰ, 7 ਅਕਤੂਬਰ (ਪੰਜਾਬ ਮੇਲ)- ਚੀਨ ਸਮੇਤ 26 ਮੁਲਕਾਂ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ‘ਚ ਪ੍ਰਭਾਵੀ ਢੰਗ ਨਾਲ ਕਦਮ ਚੁੱਕਣ ਲਈ ਅਮਰੀਕਾ ਤੇ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਆਮ ਸਭਾ ਦੀ ਮਨੁੱਖੀ ਅਧਿਕਾਰ ਕਮੇਟੀ ਦੀ ਇੱਕ ਮੀਟਿੰਗ ‘ਚ 26 ਮੁਲਕਾਂ ਵੱਲੋਂ ਆਪਣੀ ਗੱਲ ਰੱਖਦਿਆਂ ਸੰਯੁਕਤ ਰਾਸ਼ਟਰ ‘ਚ ਚੀਨ ਦੇ ਦੂਤ ਝਾਂਗ ਜੂਨ ਨੇ ਕਿਹਾ, ‘ਇੱਕਪਾਸੜ ਪਾਬੰਦੀਆਂ ਵਾਲੇ ਕਦਮ ਸੰਯੁਕਤ ਰਾਸ਼ਟਰ ਦੇ ਐਲਾਨਨਾਮੇ ਅਤੇ ਬਹੁਲਵਾਦ ਦੀ ਉਲੰਘਣਾ ਹੈ।
ਇਸ ਨਾਲ ਪ੍ਰਭਾਵਿਤ ਮੁਲਕਾਂ ‘ਚ ਆਬਾਦੀ ਦੇ ਭਲਾਈ ‘ਤੇ ਇਸ ਦਾ ਅਸਰ ਪੈਂਦਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਸਿਹਤ ਦੇ ਅਧਿਕਾਰ ਦੀ ਅਣਦੇਖੀ ਵੀ ਹੁੰਦੀ ਹੈ।’ ਇੱਥੇ ਇੱਕ ਸਾਂਝੇ ਬਿਆਨ ‘ਚ ਕਿਹਾ ਗਿਆ, ‘ਆਲਮੀ ਇਕਜੁੱਟਤਾ ਤੇ ਕੌਮਾਂਤਰੀ ਸਹਿਯੋਗ ਕੋਵਿਡ-19 ਖ਼ਿਲਾਫ਼ ਜੰਗ ਅਤੇ ਇਸ ਨਾਲ ਨਜਿੱਠਣ ‘ਚ ਤਾਕਤਵਰ ਹਥਿਆਰ ਹੈ।’ ਇਸ ਅਪੀਲ ਦੀ ਹਮਾਇਤ ਕਰਨ ਵਾਲੇ ਮੁਲਕਾਂ ‘ਚ ਕਿਊਬਾ, ਉੱਤਰ ਕੋਰੀਆ, ਇਰਾਨ, ਰੂਸ, ਸੀਰੀਆ ਤੇ ਵੈਨਜ਼ੁਏਲਾ ਹੈ। ਇਹ ਦੇਸ਼ ਅਮਰੀਕਾ, ਯੂਰੋਪੀ ਯੂਨੀਅਨ ਤੇ ਹੋਰਨਾਂ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ, ਹਾਲਾਂਕਿ ਇਸ ‘ਤੇ ਸੰਯੁਕਤ ਰਾਸ਼ਟਰ ‘ਚ ਅਮਰੀਕੀ ਮਿਸ਼ਨ ਦੀ ਪ੍ਰਤੀਕਿਰਿਆ ਨਹੀਂ ਮਿਲ ਸਕੀ।