ਚੀਨ ਵੱਲੋਂ ਵੁਹਾਨ ਲੈਬ ਨੂੰ ਚੋਟੀ ਦਾ ‘ਵਿਗਿਆਨਕ ਪੁਰਸਕਾਰ’ ਦੇਣ ਦਾ ਐਲਾਨ

147
Share

ਬੀਜਿੰਗ, 22 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਉਤਪੱਤੀ ਨੂੰ ਲੈ ਕੇ ਵਿਵਾਦਾਂ ’ਚ ਘਿਰੀ ਵੁਹਾਨ ਲੈਬ ਨੂੰ ਚੀਨ ਮਹਾਮਾਰੀ ਦੇ ਦਿਨਾਂ ’ਚ ਬਿਹਤਰੀਨ ਪ੍ਰਦਰਸ਼ਨ ਲਈ ਚੋਟੀ ਦਾ ਵਿਗਿਆਨਕ ਪੁਰਸਕਾਰ ਦੇਣ ਜਾ ਰਿਹਾ ਹੈ। ਚੀਨ ਕੋਰੋਨਾਵਾਇਰਸ ਦੇ ਲੀਕ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਵੁਹਾਨ ਲੈਬ ਨੂੰ ਚਾਈਨਾ ਅਕੈਡਮੀ ਆਫ ਸਾਈਂਸ ਵੱਲੋਂ ਵਿਗਿਆਨ ਅਤੇ ਤਕਨੀਕ ਉਪਲਬਧੀ ਪੁਰਸਕਾਰ ਦਿੱਤਾ ਜਾਵੇਗਾ। ਇਹੀ ਨਹੀਂ, ਚੀਨ ਵਿਚ ਬੈਟ ਵੁਮੈਨ ਦੇ ਨਾਮ ਨਾਲ ਮਸ਼ਹੂਰ ਵਿਗਿਆਨੀ ਸ਼ੀ ਝੇਗਲੀ ਦੇ ਕੰਮ ਦੀ ਵੀ ਤਾਰੀਫ਼ ਕੀਤੀ ਗਈ ਹੈ। ਸ਼ੀ ਝੇਂਗਲੀ ਵੁਹਾਨ ਲੈਬ ਵਿਚ ਪਸ਼ੂਆਂ ’ਤੇ ਖੋਜ ਦੀ ਅਗਵਾਈ ਕਰਦੀ ਹੈ।¿;
ਚਾਈਨਾ ਅਕਾਦਮੀ ਆਫ ਸਾਈਂਸ ਨੇ ਕਿਹਾ ਕਿ ਵੁਹਾਨ ਲੈਬ ਦੇ ਖੋਜੀਆਂ ਦੇ ਦਲ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨਾਂ ਦੀ ਵਿਆਪਕ ਅਤੇ ਵਿਵਸਥਿਤ ਢੰਗ ਨਾਲ ਜਾਂਚ ਕੀਤੀ। ਇਸ ਦੇ ਨਤੀਜੇ ਵਜੋਂ ਕੋਰੋਨਾਵਾਇਰਸ ਖ਼ਿਲਾਫ਼ ਦਵਾਈਆਂ ਅਤੇ ਵੈਕਸੀਨ ਬਣਾਉਣ ਦਾ ਰਸਤਾ ਸਾਫ ਹੋਇਆ। ਨਾਲ ਹੀ ਵੁਹਾਨ ਲੈਬ ਨੇ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਅਤੇ ਬਚਾਅ ਲਈ ਮਹੱਤਵਪੂਰਨ ਵਿਗਿਆਨਕ ਅਤੇ ਤਕਨੀਕੀ ਸਮਰਥਨ ਮੁਹੱਈਆ ਕਰਵਾਇਆ।
ਵੁਹਾਨ ਲੈਬ ਨੂੰ ਅਜਿਹੇ ਸਮੇਂ ’ਚ ਚੋਟੀ ਦਾ ਵਿਗਿਆਨਕ ਪੁਰਸਕਾਰ ਨਾਲ ਦੇਣ ਦਾ ਐਲਾਨ ਹੋਇਆ ਹੈ, ਜਦੋਂ ਉਹ ਕੋਰੋਨਾ ਦੇ ਲੀਕ ਹੋਣ ਨੂੰ ਲੈ ਕੇ ਬੁਰੀ ਤਰ੍ਹਾਂ ਘਿਰੀ ਹੋਈ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਵਾਇਰਸ ਵੁਹਾਨ ਲੈਬ ਤੋਂ ਲੀਕ ਹੋ ਕੇ ਉੱਥੋਂ ਕੁਝ ਹੀ ਦੂਰੀ ’ਤੇ ਸਥਿਤ ਵੁਹਾਨ ਵੈਟ ਮਾਰਕੀਟ ਪਹੁੰਚ ਗਿਆ। ਇੱਥੇ ਹੀ ਕੋਰੋਨਾ ਮਹਾਮਾਰੀ ਦੀ ਸਭ ਤੋਂ ਪਹਿਲਾਂ ਪਛਾਣ ਹੋਈ ਸੀ। ਇਹੀ ਨਹੀਂ, ਚੀਨ ਦੀ ਵੁਹਾਨ ਲੈਬ ’ਚ ਪਿੰਜ਼ਰੇ ਵਿਚ ਚਮਗਾਦੜਾਂ ਨੂੰ ਰੱਖਿਆ ਜਾਂਦਾ ਸੀ। ਵੁਹਾਨ ਲੈਬ ਤੋਂ ਪਹਿਲੀ ਵਾਰ ਸਾਹਮਣੇ ਆਈਆਂ ਤਸਵੀਰਾਂ ’ਚ ਇਹ ਖੁਲਾਸਾ ਹੋਇਆ ਹੈ।

Share