ਚੀਨ ਵੱਲੋਂ ਮੁਸਲਮਾਨ ਨਾਗਰਿਕਾਂ ਨੂੰ ਹਜ ਯਾਤਰਾ ‘ਤੇ ਜਾਣ ਲਈ ਨਵੇਂ ਨਿਯਮ-ਕਾਨੂੰਨਾਂ ਦਾ ਐਲਾਨ

655

ਬੀਜਿੰਗ, 13 ਅਕਤੂਬਰ (ਪੰਜਾਬ ਮੇਲ)- ਚੀਨ ਨੇ ਆਪਣੇ ਮੁਸਲਮਾਨ ਨਾਗਰਿਕਾਂ ‘ਤੇ ਸਖਤੀ ਹੋਰ ਵਧਾ ਦਿੱਤੀ ਹੈ। ਇਹਨਾਂ ਨਾਗਰਿਕਾਂ ਨੂੰ ਹਜ ਯਾਤਰਾ ‘ਤੇ ਜਾਣ ਲਈ ਚੀਨ ਨੇ ਕਈ ਨਿਯਮ-ਕਾਨੂੰਨਾਂ ਦਾ ਐਲਾਨ ਕੀਤਾ ਹੈ। ਚੀਨ ਦੇ ਨਾਗਰਿਕ ਹੁਣ ਸਿਰਫ ਚੀਨੀ ਇਸਲਾਮਿਕ ਐਸੋਸੀਏਸ਼ਨ ਦੇ ਜ਼ਰੀਏ ਹੀ ਸਾਊਦੀ ਅਰਬ ਹਜ ਦੇ ਲਈ ਜਾ ਸਕਣਗੇ। ਉੱਥੇ ਨਾਗਰਿਕਾਂ ਨੂੰ ਚੀਨੀ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਧਾਰਮਿਕ ਅੱਤਵਾਦ ਦੇ ਖਿਲਾਫ਼ ਵਿਰੋਧ ਜ਼ਾਹਰ ਕਰਨਾ ਹੋਵੇਗਾ। ਗੌਰਤਲਬ ਹੈ ਕਿ ਹਰੇਕ ਸਾਲ ਚੀਨ ਤੋਂ ਲੱਗਭਗ 10000 ਮੁਸਲਮਾਨ ਹਜ ਯਾਤਰਾ ਲਈ ਜਾਂਦੇ ਹਨ।
ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਦੇ ਮੁਤਾਬਕ, ਕਿਸੇ ਵੀ ਹੋਰ ਸੰਗਠਨ ਜਾਂ ਵਿਅਕਤੀ ਨੂੰ ਹਜ ਯਾਤਰਾ ਆਯੋਜਿਤ ਨਹੀਂ ਕਰਨੀ ਚਾਹੀਦੀ ਅਤੇ ਹਜ ਦੇ ਲਈ ਅਰਜ਼ੀ ਦੇਣ ਵਾਲੇ ਚੀਨੀ ਨਾਗਰਿਕਾਂ ਨੂੰ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਹ ਨਵੇਂ ਨਿਯਮ 1 ਦਸੰਬਰ ਤੋਂ ਲਾਗੂ ਹੋਣਗੇ। ਰਿਪੋਰਟ ਦੇ ਮੁਤਾਬਕ, ਸੰਬੰਧਤ ਸਰਕਾਰੀ ਵਿਭਾਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਅਤੇ ਹਜ ‘ਤੇ ਜਾਣ ਸਬੰਧੀ ਗੈਰ ਕਾਨੂੰਨੀ ਗਤੀਵਿਧੀਆਂ ‘ਤੇ ਰੋਕ ਲਗਾਉਣ।
ਪਹਿਲਾਂ ਚੀਨੀ ਨਾਗਰਿਕ ਕਈ ਹੋਰ ਮਾਧਿਅਮਾਂ ਨਾਲ ਸਾਊਦੀ ਅਰਬ ਹਜ ਦੇ ਲਈ ਚਲੇ ਜਾਂਦੇ ਸਨ। ਹੁਣ ਨਵੇਂ ਕਾਨੂੰਨ ਦੇ ਮੁਤਾਬਕ, ਸਿਰਫ ਚੀਨੀ ਇਸਲਾਮਿਕ ਐਸੋਸੀਏਸ਼ਨ ਦੇ ਜ਼ਰੀਏ ਹੀ ਚੀਨੀ ਮੁਸਲਮਾਨ ਹਜ ਯਾਤਰਾ ‘ਤੇ ਸਕਣਗੇ। ਇਸ ਐਸੋਸੀਏਸ਼ਨ ਦੇ ਜ਼ਿਆਦਾਤਰ ਮੈਂਬਰ ਚੀਨੀ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ। ਅਜਿਹੇ ਵਿਚ ਉਹ ਜਿਸ ਨੂੰ ਚਾਹੁਣਗੇ ਉਸ ਨੂੰ ਹੀ ਹਜ ਯਾਤਰਾ ‘ਤੇ ਜਾਣ ਦੀ ਇਜਾਜ਼ਤ ਦੇਣਗੇ। ਇਸ ਐਸੋਸੀਏਸ਼ਨ ਦੇ ਜ਼ਰੀਏ ਹੱਜ ‘ਤੇ ਜਾਣ ਵਾਲੇ ਚੀਨੀ ਨਾਗਰਿਕਾਂ ‘ਤੇ ਸਰਕਾਰ ਦੀ ਪੂਰੀ ਨਜ਼ਰ ਹੋਵੇਗੀ। ਉਹ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਟ੍ਰੈਕ ਕਰ ਕਦੇ ਵੀ ਕਾਨੂੰਨ ਤੋੜਣ ਦਾ ਦੋਸ਼ ਲਗਾ ਸਕਦੀ ਹੈ।
ਅਧਿਕਾਰਤ ਵ੍ਹਾਈਟ ਪੱਤਰ ਦੇ ਮੁਤਾਬਕ, ਚੀਨ ‘ਚ ਕਰੀਬ 2 ਕਰੋੜ ਮੁਸਲਮਾਨ ਹਨ, ਜਿਨ੍ਹਾਂ ਵਿਚੋਂ ਉਇਗਰ ਅਤੇ ਹੁਈ ਮੁਸਲਿਮਾਂ ਦੀ ਆਬਾਦੀ ਲਗਭਗ ਬਰਾਬਰ ਹੈ। ਇਹ ਮੁਸਲਮਾਨ ਪੱਛਮੀ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਰਹਿੰਦੇ ਹਨ। ਇੱਥੇ ਧਾਰਮਿਕ ਅੱਤਵਾਦ ਨੂੰ ਰੋਕਣ ਦੇ ਨਾਮ ‘ਤੇ ਚੀਨੀ ਸਰਕਾਰ ਪਹਿਲਾਂ ਹੀ ਸੈਂਕੜੇ ਦੀ ਗਿਣਤੀ ਦੀ ਨਜ਼ਰਬੰਦੀ ਕੈਂਪਾਂ ਨੂੰ ਚਲਾ ਰਹੀ ਹੈ। ਉਇਗਰ ਮੁਸਲਮਾਨਾਂ ‘ਤੇ ਅੱਤਿਆਚਾਰ ‘ਤੇ ਲੈ ਕੇ ਹੁਣ ਤੱਕ ਕਿਸੇ ਵੀ ਮੁਸਲਿਮ ਦੇਸ਼ ਨੇ ਚੀਨ ਦਾ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ ਹੈ। ਇਹ ਸਾਰੇ ਦੇਸ਼ ਇਸ ਮਾਮਲੇ ਵਿਚ ਚੀਨ ਨਾਲ ਦੁਸ਼ਮਣੀ ਨਹੀਂ ਕਰਨੀ ਚਾਹੁੰਦੇ।