ਚੀਨ ਵੱਲੋਂ ਭਾਰਤ ਨਾਲ ਲੱਗਦੀ ਸਰਹੱਦ ‘ਤੇ ਤਿੱਬਤ ਤੋਂ ਲੈ ਕੇ ਕਾਲਾਪਾਣੀ ਘਾਟੀ ਤੱਕ ਤੋਪਾਂ ਦੀ ਤਾਇਨਾਤੀ

661
Share

ਨਵੀਂ ਦਿੱਲੀ, 19 ਅਗਸਤ (ਪੰਜਾਬ ਮੇਲ)- ਚੀਨ ਨੇ ਭਾਰਤ ਨਾਲ ਲੱਗਦੀ ਸਰਹੱਦ ‘ਤੇ ਚੱਲ ਰਹੇ ਤਣਾਅ ਵਿਚਾਲੇ ਤਿੱਬਤ ਤੋਂ ਲੈ ਕੇ ਕਾਲਾਪਾਣੀ ਘਾਟੀ ਤੱਕ ਤੋਪਾਂ ਦੀ ਤਾਇਨਾਤੀ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਨਾਂ ਤੋਪਾਂ ਦੀ ਤਾਇਨਾਤੀ ਤਿੱਬਤ ਦੀ 4,600 ਮੀਟਰ ਦੀ ਉੱਚਾਈ ‘ਤੇ ਜੁਲਾਈ ਦੇ ਆਖਰੀ ਹਫਤੇ ‘ਚ ਕੀਤੀ ਗਈ। ਇੰਨਾ ਹੀ ਨਹੀਂ, ਚੀਨ ਨੇ ਤਿੱਬਤ ਦੇ ਫੌਜੀ ਜ਼ਿਲ੍ਹੇ ਵਿਚ 77 ਕਾਂਬੈਟ ਕਮਾਂਡ ਦੇ 150 ਲਾਈਟ ਕੰਬਾਈਨਡ ਆਰਮਜ਼ ਬ੍ਰਿਗੇਡ ਦੀ ਤਾਇਨਾਤੀ ਵੀ ਕਰ ਦਿੱਤੀ ਹੈ। ਇਸ ਕਦਮ ਨਾਲ ਦੁਨੀਆਂ ਸਾਹਮਣੇ ਸ਼ਾਂਤੀ ਦਾ ਰਾਗ ਅਲਾਪਣ ਵਾਲੇ ਚੀਨ ਦੀ ਮੰਸ਼ਾ ‘ਤੇ ਸ਼ੰਕਾ ਜਤਾਈ ਜਾ ਰਹੀ ਹੈ।
ਚੀਨ ਨੇ ਕੰਬਾਈਨਡ ਆਰਮਜ਼ ਬ੍ਰਿਗੇਡ ਦਾ ਗਠਨ ਅਮਰੀਕਾ ਦੀ ਨਕਲ ਕਰਕੇ ਕੀਤਾ ਹੈ। ਇਹ ਅਮਰੀਕਨ ਬ੍ਰਿਗੇਡ ਕਾਂਬੈਟ ਟੀਮ ਦਾ ਅਡੈਪਟੇਸ਼ਨ ਹੈ, ਜਿਸ ਨਾਲ ਵੱਖ-ਵੱਖ ਫੌਜੀ ਬਲਾਂ ਨੂੰ ਇਕੱਠੇ ਕੰਮ ਕਰਨ ਵਿਚ ਮਦਦ ਮਿਲਦੀ ਹੈ। ਸੂਤਰਾਂ ਦਾ ਆਖਣਾ ਹੈ ਕਿ ਚੀਨ ਨੇ ਤਿੱਬਤ ਦੇ ਕਾਫੀ ਉੱਚਾਈ ਵਾਲੇ ਖੇਤਰ ‘ਚ ਤਾਇਨਾਤੀ ਕਈ ਗੁਣਾ ਵਧਾ ਦਿੱਤੀ ਹੈ। ਚੀਨ ਨੇ ਕੰਬਾਈਨਡ ਆਰਮਜ਼ ਬ੍ਰਿਗੇਡ ਦੀ ਤਾਇਨਾਤੀ ਭਾਰਤ ਨਾਲ ਲੱਗੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਕੋਲ ਕੀਤੀ ਹੈ। ਦੁਨੀਆਂ ਦੇ ਸਾਹਮਣੇ ਗੱਲਬਾਤ ਅਤੇ ਸਰਹੱਦ ‘ਤੇ ਸ਼ਾਂਤੀ ਦੀ ਗੱਲ ਕਰਨ ਵਾਲੇ ਚੀਨ ਦੀ ਮੰਸ਼ਾ ਉਸ ਦੇ ਇਸ ਕਦਮ ਤੋਂ ਸਾਫ ਹੋ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਚੀਨ ਨੇ ਇਨਾਂ ਤੋਪਾਂ ਅਤੇ ਦੂਜੇ ਵੱਡੇ ਹਥਿਆਰਾਂ ਦੀ ਤਾਇਨਾਤੀ ਅਸਲ ਕੰਟਰੋਲ ਲਾਈਨ ਭਾਵ ਐੱਲ.ਏ.ਸੀ. ਦੇ 3 ਸੈਕਟਰਾਂ ਪੱਛਮੀ (ਲੱਦਾਖ), ਮੱਧ (ਉੱਤਰਾਖੰਡ, ਹਿਮਾਚਲ ਪ੍ਰਦੇਸ਼) ਅਤੇ ਪੂਰਬ (ਸਿੱਕਮ, ਅਰੁਣਾਚਲ ਪ੍ਰਦੇਸ਼) ਵਿਚ ਕੀਤੀ ਹੈ।
ਇਹੀ ਨਹੀਂ ਚੀਨੀ ਫੌਜ ਨੇ ਆਪਣੇ ਜਵਾਨਾਂ ਨੂੰ ਜ਼ਿਆਦਾ ਗਿਣਤੀ ‘ਚ ਉੱਤਰਾਖੰਡ ਦੇ ਲਿਪੁਲੇਖ ਪਾਸ ਵਿਚ ਭਾਰਤ, ਚੀਨ ਅਤੇ ਨੇਪਾਲ ਦੇ ਤਿਰਾਹੇ ‘ਤੇ ਕਾਲਾਪਾਣੀ ਘਾਟੀ ਦੇ ਉਪਰ ਵੀ ਤਾਇਨਾਤ ਕਰ ਦਿੱਤਾ ਹੈ। ਚੀਨ ਨੇ ਇਹ ਤਾਇਨਾਤੀ ਤਣਾਅ ਘਟਾਉਣ ਨੂੰ ਲੈ ਕੇ ਜਾਰੀ ਵਾਰਤਾ ਪ੍ਰਕਿਰਿਆਵਾਂ ਵਿਚਾਲੇ ਕੀਤੀ ਹੈ।


Share