ਚੀਨ ਵੱਲੋਂ ਭਾਰਤ ਨਾਲ ਜਾਰੀ ਸਰਹੱਦੀ ਤਣਾਅ ਦਰਮਿਆਨ ਜੰਗੀ ਤਿਆਰੀਆਂ ਤੇਜ਼!

862
Share

ਨਵੀਂ ਦਿੱਲੀ, 27 ਮਈ (ਪੰਜਾਬ ਮੇਲ)- ਚੀਨ ਵਲੋਂ ਭਾਰਤ ਦੇ ਲੱਦਾਖ ਨਾਲ ਲੱਗਦੀ ਸਰਹੱਦ ਨੇੜੇ ਆਪਣੇ ਲੜਾਕੂ ਜੈਟ ਤਾਇਨਾਤ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਭਾਰਤੀ ਸੈਨਾ ਨਾਲ ਝੜਪ ਹੋਣ ਬਾਅਦ ਚੀਨ ਨੇ ਲੱਦਾਖ ਨਾਲ ਲੱਗਦੀ ਸਰਹੱਦ ‘ਤੇ ਆਪਣੇ ਸੈਨਿਕਾਂ ਦੀ ਗਿਣਤੀ ਹੀ ਨਹੀਂ ਵਧਾਈ, ਸਗੋਂ ਉੱਚਾਈ ਵਾਲੇ ਇਲਾਕੇ ‘ਚ ਉਡਾਨ ਭਰਨ ਦੇ ਅਨੁਕੂਲ ਲੜਾਕੂ ਹਵਾਈ ਜਹਾਜ਼ਾਂ ਜੇ-11 ਅਤੇ ਜੇ 16 ਐਸ ਨੂੰ ਵੀ ਤਾਇਨਾਤ ਕਰ ਦਿੱਤਾ ਹੈ। ਓਪਨ ਸੋਰਸ ਇੰਟੈਲੀਜੈਂਸ ਅਨਾਲਿਸਟ ਡਿਟਰੇਸਫਾ ਵਲੋਂ ਜਾਰੀ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਚੀਨ ਨੇ ਨਗਾਰੀ ਗੁਨਸਾ ਹਵਾਈ ਅੱਡੇ ‘ਤੇ ਲੜਾਕੂ ਹਵਾਈ ਜਹਾਜ਼ਾਂ ਦੀ ਆਮਦ ਤੇਜ਼ ਕਰ ਦਿੱਤੀ ਹੈ। ਚੀਨ ਵਲੋਂ ਭਾਰਤ ਨਾਲ ਲੱਗਦੀ ਸਰਹੱਦ ‘ਤੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਜ਼ਰੂਰੀ ਸੈਨਿਕ ਸਾਜੋ-ਸਾਮਾਨ ਪਹੁੰਚਾਉਣ ਲਈ ਟਰਾਂਸਪੋਰਟ ਹਵਾਈ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੀਨ ਦੇ ਹਥਿਆਰਬੰਦ ਸੈਨਿਕ ਬਲਾਂ ਨੂੰ ਜੰਗ ਦੀ ਤਿਆਰੀ ਲਈ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਆਖਦਿਆਂ ਕਿਹਾ ਕਿ ਇਸ ਸਮੇਂ ਉਹ ਸਭ ਕਰਨ ਦੀ ਜ਼ਰੂਰਤ ਹੈ, ਜੋ ਜੰਗ ਲਈ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਨਵੇਂ ਯੁੱਗ ਲਈ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਸ਼ੀ ਜਿਨਪਿੰਗ ਨੇ ਭਾਰਤ ਨਾਲ ਜਾਰੀ ਸਰਹੱਦੀ ਤਣਾਅ ਦਰਮਿਆਨ ਫ਼ੌਜ ਨੂੰ ਜੰਗੀ ਤਿਆਰੀਆਂ ਤੇਜ਼ ਕਰਨ ਲਈ ਆਖਦਿਆਂ ਮੁਲਕ ਦੀ ਹਕੂਮਤ/ਪ੍ਰਭੂਸੱਤਾ ਦਾ ਪੂਰੀ ਦਲੇਰੀ ਨਾਲ ਬਚਾਅ ਕਰਨ ਦੀ ਤਾਕੀਦ ਕੀਤੀ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਕੱਤਰ ਜਨਰਲ ਤੇ 20 ਲੱਖ ਦੀ ਨਫ਼ਰੀ ਵਾਲੀ ਤਾਕਤਵਾਰ ਫ਼ੌਜ ਦੇ ਮੁਖੀ ਸ਼ੀ (66) ਨੇ ਇਹ ਟਿੱਪਣੀਆਂ ਸੰਸਦ ਦੇ ਮੌਜੂਦਾ ਇਜਲਾਸ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਤੇ ਪੀਪਲਜ਼ ਆਰਮਡ ਫੋਰਸ ਦੇ ਡੈਲੀਗੇਸ਼ਨਾਂ ਦੀ ਪਲੈਨਰੀ ਮੀਟਿੰਗ ਵਿਚ ਹਾਜ਼ਰੀ ਭਰਨ ਮੌਕੇ ਕੀਤੀਆਂ। ਸ਼ੀ ਨੇ ਫ਼ੌਜ ਨੂੰ ਹੁਕਮ ਦਿੱਤੇ ਕਿ ਉਹ ਮੁਸ਼ਕਲ ਤੋਂ ਮੁਸ਼ਕਲ ਤੇ ਮਾੜੇ ਤੋਂ ਮਾੜੇ ਹਾਲਾਤ ਦੇ ਟਾਕਰੇ ਲਈ ਹੁਣ ਤੋਂ ਹੀ ਤਿਆਰੀ ਕਸਦਿਆਂ ਆਪਣੀ ਸਿਖਲਾਈ ਤੇ ਜੰਗੀ ਤਿਆਰੀਆਂ ਨੂੰ ਤੇਜ਼ ਕਰ ਦੇਣ।
ਭਾਰਤ-ਚੀਨ ਦੀ ਕਰੀਬ 3500 ਕਿੱਲੋਮੀਟਰ ਲੰਮੀ ਸਰਹੱਦ ਨਾਲ ਲੱਗਦੇ ਰਣਨੀਤਕ ਇਲਾਕਿਆਂ ‘ਚ ਭਾਰਤ ਆਪਣੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਦੇ ਨਿਰਮਾਣ ਨੂੰ ਜਾਰੀ ਰੱਖੇਗਾ। ਭਾਰਤ ਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਲੱਦਾਖ ‘ਚ ਜਾਰੀ ਤਣਾਅ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨੀ ਸੈਨਾਵਾਂ ਦਰਮਿਆਨ ਵਧ ਰਹੇ ਸਰਹੱਦੀ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਤਿੰਨੇ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਦੌਰਾਨ ਬਾਹਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਦੀ ਤਿਆਰੀ ‘ਤੇ ਚਰਚਾ ਕੀਤੀ ਗਈ।  ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੈਨਾ ਦੇ ਉੱਚ ਅਧਿਕਾਰੀਆਂ ਨੇ ਪੂਰਬੀ ਲੱਦਾਖ਼ ‘ਚ ਪੈਦਾ ਹੋਈ ਸਥਿਤੀ ਬਾਰੇ ਮੋਦੀ ਨੂੰ ਜਾਣੂ ਕਰਵਾਇਆ।


Share