ਚੀਨ ਵੱਲੋਂ ਕੋਵਿਡ-19 ਵੈਕਸੀਨ ਨਾਲ ਸੁਰੱਖਿਆ ਸੰਬੰਧੀ ਉੱਠਣ ਲੱਗੇ ਸਵਾਲ

789

ਬੀਜਿੰਗ, 27 ਸਤੰਬਰ (ਪੰਜਾਬ ਮੇਲ)- ਕੋਵਿਡ-19 ਟੀਕੇ ਨੂੰ ਲੈ ਕੇ ਚਿੰਤਾਵਾਂ ਦੇ ਬਾਵਜੂਦ ਚੀਨ ਜਿੱਦ ਨਹੀਂ ਛੱਡ ਰਿਹਾ ਹੈ। ਚੀਨ ਦੇ ਮਸ਼ਹੂਰ ਲੇਖਕ ਕਾਨ ਚਾਈ ਨੂੰ ਦੇਸ਼ ‘ਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਪ੍ਰਾਪਤ ਕੋਵਿਡ-19 ਦੇ ਟੀਕੇ ਦੀ ਪਹਿਲੀ ਖੁਰਾਕ ‘ਤੇ ਤਾਂ ਕੁਝ ਨਹੀਂ ਹੋਇਆ ਪਰ ਦੂਜੀ ਡੋਜ਼ ਤੋਂ ਬਾਅਦ ਉਨ੍ਹਾਂ ਨੂੰ ਚੱਕਰ ਆਉਣ ਲੱਗੇ। ਚਾਈ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਵੈੱਬੀਨਾਰ ਵਿਚ ਕਿਹਾ, ”ਜਦੋਂ ਮੈਂ ਗੱਡੀ ਚਲਾ ਰਿਹਾ ਸੀ ਤਾਂ ਅਚਾਨਕ ਮੈਨੂੰ ਚੱਕਰ ਆਉਣ ਲੱਗੇ। ਅਜਿਹਾ ਲੱਗਾ ਕਿ ਮੈਂ ਨਸ਼ੇ ‘ਚ ਗੱਡੀ ਚਲਾ ਰਿਹਾ ਹਾਂ।”
ਉਨ੍ਹਾਂ ਨੇ ਕਿਹਾ ਕਿ ਮੈਂ ਇਕ ਥਾਂ ਦੇਖ ਕੇ ਕਾਰ ਰੋਕੀ, ਥੋੜਾ ਆਰਾਮ ਕੀਤਾ ਅਤੇ ਤਦ ਮੈਨੂੰ ਵਧੀਆ ਲੱਗਾ। ਚੀਨ ਵਿਚ ਚਾਈ ਦੀ ਤਰ੍ਹਾਂ ਹੀ ਹਜ਼ਾਰਾਂ ਲੋਕਾਂ ਨੂੰ ਆਮ ਇਸਤੇਮਾਲ ਲਈ ਰੈਗੂਲੇਟਰੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਚੀਨੀ ਟੀਕੇ ਦਿੱਤੇ ਗਏ ਹਨ। ਇਸ ਕਦਮ ਨੂੰ ਲੈ ਕੇ ਸੁਰੱਖਿਆ ਨਾਲ ਸੰਬੰਧੀ ਸਵਾਲ ਉੱਠ ਰਹੇ ਹਨ।
ਇਸ ਤੋਂ ਪਹਿਲਾਂ ਚੀਨੀ ਕੰਪਨੀਆਂ ਮਨੁੱਖੀ ਪ੍ਰੀਖਣ ਤੋਂ ਪਹਿਲਾਂ ਆਪਣੇ ਉੱਚ ਅਧਿਕਾਰੀਆਂ ਅਤੇ ਮੁੱਖ ਖੋਜਕਰਤਾ ਨੂੰ ਜਾਂਚ ਲਈ ਟੀਕਾ ਦੇਣ ‘ਤੇ ਸੁਰਖੀਆਂ ‘ਚ ਆਈਆਂ ਸਨ। ਚੀਨ ਦੇ ਇਕ ਸਿਹਤ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੂੰ ਮਹਾਮਾਰੀ ਨੂੰ ਵਾਪਸ ਆਉਣ ਤੋਂ ਰੋਕਣ ਲਈ ਕਦਮ ਚੁੱਕਣੇ ਹੋਣਗੇ। ਇਕ ਬਾਹਰੀ ਮਾਹਰ ਨੇ ਅਜਿਹੇ ਸਮੇਂ ਵਿਚ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਜ਼ਰੂਰਤ ‘ਤੇ ਸਵਾਲ ਖੜ੍ਹਾ ਕੀਤਾ ਹੈ, ਜਦ ਦੇਸ਼ ‘ਚ ਵਾਇਰਸ ਹੁਣ ਨਹੀਂ ਫੈਲ ਰਿਹਾ ਹੈ।