ਚੀਨ ਵੱਲੋਂ ਕੋਰੋਨਾ ਵੈਕਸੀਨ ਨੂੰ ਵਪਾਰ ਮੇਲੇ ‘ਚ ਕੀਤਾ ਗਿਆ ਪ੍ਰਦਰਸ਼ਿਤ

820

ਬੀਜਿੰਗ, 8 ਸਤੰਬਰ (ਪੰਜਾਬ ਮੇਲ)- ਚੀਨ ਨੇ ਪਹਿਲੀ ਵਾਰ ਆਪਣੇ ਦੇਸ਼ ਵਿਚ ਤਿਆਰ ਕੋਰੋਨਾ ਵੈਕਸੀਨ ਨੂੰ ਇਕ ਵਪਾਰ ਮੇਲੇ ਵਿਚ ਪੇਸ਼ ਕੀਤਾ ਹੈ। ਸੋਮਵਾਰ ਨੂੰ ਬੀਜਿੰਗ ‘ਚ ਆਯੋਜਿਤ ਇਵੈਂਟ ਵਿਚ ਚੀਨੀ ਕੰਪਨੀ ਸਿਨੋ ਬਾਇਓਟੇਕ ਅਤੇ ਸਿਨੋਫਾਰਮ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਪ੍ਰਦਰਸ਼ਨ ਦੇ ਲਈ ਰੱਖੀ ਗਈ। ਹੁਣ ਤੱਕ ਦੋਵੇਂ ਵੈਕਸੀਨ ਬਾਜ਼ਾਰ ਵਿਚ ਨਹੀਂ ਆਈਆਂ ਹਨ।
ਸਿਨੋਵੈਕ ਬਾਇਓਟੇਕ ਅਤੇ ਸਿਨੋਫਾਰਮ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦਾ ਫਿਲਹਾਲ ਕਈ ਦੇਸ਼ਾਂ ਵਿਚ ਫੇਜ਼-3 ਟ੍ਰਾਇਲ ਚੱਲ ਰਿਹਾ ਹੈ। ਕੁਝ ਰਿਪੋਰਟਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਵਿਚ ਪਹਿਲਾਂ ਹੀ ਕੁਝ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਸਿਨੋਵੈਕ ਕੰਪਨੀ ਦੇ ਇਕ ਅਧਿਕਾਰੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਕੰਪਨੀ ਨੇ ਪਹਿਲਾਂ ਹੀ ਫੈਕਟਰੀ ਦਾ ਨਿਰਮਾਣ ਪੂਰਾ ਕਰ ਲਿਆ ਹੈ, ਜੋ ਇਕ ਸਾਲ ਵਿਚ ਵੈਕਸੀਨ ਦੀਆਂ 30 ਕਰੋੜ ਖੁਰਾਕਾਂ ਤਿਆਰ ਕਰਨ ਵਿਚ ਸਮਰੱਥ ਹੈ।
ਬੀਜਿੰਗ ‘ਚ ਆਯੋਜਿਤ ਵਪਾਰ ਮੇਲੇ ‘ਚ ਵੈਕਸੀਨ ਨੂੰ ਦੇਖਣ ਦੇ ਲਈ ਵੱਡੀ ਗਿਣਤੀ ‘ਚ ਲੋਕ ਜੁਟੇ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਦੇ ਕਾਰਨ ਚੀਨ ਨੂੰ ਵਿਭਿੰਨ ਦੇਸ਼ਾਂ ਵੱਲੋਂ ਜ਼ੋਰਦਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਪਰ ਹੁਣ ਚੀਨ ਆਪਣੇ ਅਕਸ ਨੂੰ ਬਦਲਣ ‘ਚ ਜੁਟ ਗਿਆ ਹੈ। ਮਈ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਹ ਵੀ ਕਿਹਾ ਸੀ ਕਿ ਚੀਨ ਵਿਚ ਤਿਆਰ ਕੀਤੀ ਗਈ ਕੋਈ ਵੀ ਕੋਰੋਨਾ ਵੈਕਸੀਨ ਜਨਤਾ ਦੀ ਭਲਾਈ ਦੀ ਚੀਜ਼ ਹੋਵੇਗੀ।
ਸਿਨੋਫਾਰਮ ਕੰਪਨੀ ਨੇ ਕਿਹਾ ਹੈ ਕਿ ਉਸ ਦੀ ਕੋਰੋਨਾ ਵੈਕਸੀਨ ਨਾਲ ਤਿਆਰ ਹੋਈ ਐਂਟੀਬੌਡੀਜ਼ ਵਿਅਕਤੀ ਦੇ ਸਰੀਰ ਵਿਚ ਇਕ ਤੋਂ 3 ਸਾਲ ਤੱਕ ਰਹਿ ਸਕਦੀ ਹੈ। ਭਾਵੇਂਕਿ ਆਖਰੀ ਨਤੀਜੇ ਆਉਣੇ ਬਾਕੀ ਹਨ। ਪਿਛਲੇ ਮਹੀਨੇ ਚੀਨ ਦੇ ਅਖਬਾਰ ਗਲੋਬਲ ਟਾਈਮਜ਼ ਨੇ ਕਿਹਾ ਸੀ ਕਿ ਵੈਕਸੀਨ ਦੀ ਕੀਮਤ ਜ਼ਿਆਦਾ ਨਹੀਂ ਹੋਵੇਗੀ।