ਚੀਨ ਵੱਲੋਂ ਕੈਨੇਡਾ ਨੂੰ ਮਦਦ ਦੇ ਨਾਮ ‘ਤੇ ਭੇਜੇ ਗਏ 60 ਹਜ਼ਾਰ ਖਰਾਬ ਮਾਸਕ

665
Share

ਟੋਰਾਂਟੋ/ਬੀਜਿੰਗ, 9 ਅਪ੍ਰੈਲ (ਪੰਜਾਬ ਮੇਲ)- ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਾਰੇ ਦੇਸ਼ ਇਸ ਮਹਾਮਾਰੀ ਨਾਲ ਜੰਗ ਲੜਨ ਵਿਚ ਲੱਗੇ ਹੋਏ ਹਨ। ਕਈ ਦੇਸ਼ ਇਸ ਵਾਇਰਸ ਨਾਲ ਲੜਨ ਵਿਚ ਵਰਤੇ ਜਾਣ ਵਾਲੇ ਉਪਕਰਣਾਂ ਦੀ ਕਮੀ ਨਾਲ ਵੀ ਜੂਝ ਰਹੇ ਹਨ। ਇਸ ਦੌਰਾਨ ਚੀਨ ਨੇ ਮਦਦ ਦੇ ਤਹਿਤ ਕਈ ਦੇਸ਼ਾਂ ਨੂੰ ਮਾਸਕ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਲਈ ਹੈ ਪਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੁਝ ਦਿਨ ਪਹਿਲਾਂ ਚੀਨ ਵੱਲੋਂ ਕੈਨੇਡਾ ਨੂੰ ਜਿਹੜੇ 60 ਹਜ਼ਾਰ ਤੋਂ ਵਧੇਰੇ ਮਾਸਕ ਭੇਜੇ ਗਏ, ਉਹਨਾਂ ਵਿਚੋਂ ਜ਼ਿਆਦਾਤਰ ਖਰਾਬ ਨਿਕਲੇ ਹਨ।ਇਹਨਾਂ ਮਾਸਕਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।

ਖਰਾਬ ਮਾਸਕ ਦੇ ਇਸ ਮਾਮਲੇ ਨਾਲ ਕੈਨੇਡਾ ਦੇ ਸਾਹਮਣੇ ਇਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਕੈਨੇਡਾ ਸਰਕਾਰ ਨੂੰ ਸ਼ੱਕ ਹੈ ਕਿ ਕਿਤੇ ਇਹਨਾਂ ਖਰਾਬ ਮਾਸਕਾਂ ਦੀ ਵਰਤੋਂ ਕਾਰਨ ਹੈਲਥ ਕੇਅਰ ਸਟਾਫ ਕੋਰੋਨਾਵਾਇਰਸ ਦੇ ਸੰਪਰਕ ਵਿਚ ਤਾਂ ਨਹੀਂ ਆ ਗਿਆ। ਇਸ ਲਈ ਕੈਨੇਡਾ ਸਰਕਾਰ ਤੇਜ਼ੀ ਨਾਲ ਜਾਂਚ ਵਿਚ ਜੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਤੋਂ ਆਏ ਇਹਨਾਂ ਮਾਸਕਾਂ ਨੂੰ ਇਕ ਹਫਤੇ ਪਹਿਲਾਂ ਹੀ ਟੋਰਾਂਟੋ ਦੇ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਸੀ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਟੋਰਾਂਟੋ ਦੇ ਹਸਪਤਾਲਾਂ ਵਿਚ ਵੰਡੇ ਗਏ ਮਾਸਕ ਫਟ ਰਹੇ ਹਨ। ਇਸ ਦੇ ਬਾਅਦ ਸਾਰੇ ਮਾਸਕਾਂ ਨੂੰ ਵਾਪਸ ਮੰਗਵਾਇਆ ਗਿਆ ਹੈ। 


Share