ਚੀਨ ਵੱਲੋਂ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ’ਤੇ ਪਾਬੰਦੀਆਂ ਦਾ ਐਲਾਨ

86
Share

ਬੀਜਿੰਗ, 9 ਅਗਸਤ (ਪੰਜਾਬ ਮੇਲ)- ਚੀਨ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਇਸ ਹਫ਼ਤੇ ਦੇ ਸ਼ੁਰੂ ਵਿਚ ਤਾਈਵਾਨ ਦੀ ਯਾਤਰਾ ਨੂੰ ਲੈ ਕੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਪੇਲੋਸੀ ਨੇ ਸਵੈ-ਸ਼ਾਸਨ ਵਾਲੇ ਟਾਪੂ ਦੀ ਆਪਣੀ ਯਾਤਰਾ ਨੂੰ ਲੈ ਕੇ ਚੀਨ ਦੀਆਂ ਚਿੰਤਾਵਾਂ ਅਤੇ ਵਿਰੋਧ ਨੂੰ ਨਜ਼ਰਅੰਦਾਜ਼ ਕੀਤਾ, ਜਿਸ ’ਤੇ ਬੀਜਿੰਗ ਆਪਣਾ ਦਾਅਵਾ ਕਰਦਾ ਹੈ।
ਇਸ ਤੋਂ ਪਹਿਲਾਂ ਪੇਲੋਸੀ ਨੇ ਕਿਹਾ ਸੀ ਕਿ ਚੀਨ ਅਮਰੀਕੀ ਅਧਿਕਾਰੀਆਂ ਨੂੰ ਤਾਈਵਾਨ ਦੀ ਯਾਤਰਾ ਕਰਨ ਤੋਂ ਨਹੀਂ ਰੋਕ ਸਕਦਾ। ਪੇਲੋਸੀ ਪਿਛਲੇ 25 ਸਾਲਾਂ ਵਿਚ ਤਾਈਵਾਨ ਦਾ ਦੌਰਾ ਕਰਨ ਵਾਲੀ ਚੋਟੀ ਦੀ ਅਮਰੀਕੀ ਅਧਿਕਾਰੀ ਹੈ। ਚੀਨ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਵਿਦੇਸ਼ੀ ਸਰਕਾਰਾਂ ਨਾਲ ਇਸ ਦੇ ਸਬੰਧਾਂ ਦਾ ਵਿਰੋਧ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿਚ ਪੇਲੋਸੀ ਦੇ ਤਾਇਵਾਨ ਦੌਰੇ ਨੂੰ ਭੜਕਾਊ ਕਾਰਵਾਈ ਕਰਾਰ ਦਿੱਤਾ ਗਿਆ ਹੈ। ਇਸ ਨੇ ਕਿਹਾ ਕਿ ਇਹ ਕਦਮ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਖ਼ਿਲਾਫ਼ ਹੈ। ਬਿਆਨ ਮੁਤਾਬਕ ਪੇਲੋਸੀ ਅਤੇ ਉਸ ਦੇ ਪਰਿਵਾਰ ’ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਹਾਲਾਂਕਿ ਚੀਨ ਨੇ ਇਹ ਨਹੀਂ ਦੱਸਿਆ ਕਿ ਪਾਬੰਦੀਆਂ ਕੀ ਹੋਣਗੀਆਂ। ਉਂਝ ਆਮ ਤੌਰ ’ਤੇ ਅਜਿਹੀਆਂ ਪਾਬੰਦੀਆਂ ਪ੍ਰਤੀਕਾਤਮਕ ਪ੍ਰਕਿਰਤੀ ਦੀਆਂ ਹੁੰਦੀਆਂ ਹਨ।

Share