ਚੀਨ ਵੱਲੋਂ ਅਮਰੀਕਾ ਦੇ ਕਈ ਖੇਤਰਾਂ ‘ਚ ਭੇਜਿਆ ਜਾ ਰਿਹੈ ਸ਼ੱਕੀ ਕਿਸਮ ਦਾ ਬੀਜ!

533
Share

ਵਾਸ਼ਿੰਗਟਨ, 26 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਚੀਨ ਪਹਿਲਾਂ ਹੀ ਪੂਰੇ ਵਿਸ਼ਵ ਦੇ ਦੇਸ਼ਾਂ ਵਿਚ ਆਪਣਾ ਅਕਸ ਗੁਆ ਚੁੱਕਿਆ ਹੈ। ਚੀਨ ਦੀ ਹਰ ਹਰਕਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਉਥੇ ਹੀ ਹੁਣ ਚੀਨ ਨੇ ਲੋਕਾਂ ਦੇ ਘਰਾਂ ਵਿਚ ਅਜੀਬ ਕਿਸਮ ਦਾ ਬੀਜ ਭੇਜ ਕੇ ਸਨਸਨੀ ਫੈਲਾ ਦਿੱਤੀ ਹੈ। ਇਸ ਬੀਜ ਨੂੰ ਲੈ ਕੇ ਲੋਕ ਦਹਿਸ਼ਤ ਵਿਚ ਹਨ ਤੇ ਇਸ ਨੂੰ ਚੀਨ ਦੀ ਕੋਈ ਨਵੀਂ ਸਾਜ਼ਿਸ਼ ਮੰਨ ਰਹੇ ਹਨ।
ਅਮਰੀਕਾ ‘ਚ ਮਿਲੀਆਂ ਜਾਣਕਾਰੀਆਂ ਦੇ ਮੁਤਾਬਕ ਵਰਜੀਨੀਆ, ਮੈਰੀਲੈਂਡ ਤੇ ਵਾਸ਼ਿੰਗਟਨ ਡੀ.ਸੀ. ਆਦਿ ਮੈਟਰੋ ਖੇਤਰਾਂ ਵਿਚ ਲੋਕਾਂ ਦੇ ਘਰਾਂ ਵਿਚ ਇਹ ਅਜੀਬ ਕਿਸਮ ਦਾ ਬੀਜ ਭੇਜਿਆ ਜਾ ਰਿਹਾ ਹੈ। ਇਥੋਂ ਦੇ ਕੁਝ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਨੇ ਇਸ ਦੇ ਸਬੰਧ ‘ਚ ਵਰਜੀਨੀਆ ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਹੈ। ਸਥਾਨਕ ਲੋਕਾਂ ਮੁਤਾਬਕ ਬੀਜ ਭੇਜੇ ਜਾਣ ਵਾਲੇ ਲਿਫਾਫੇ ‘ਤੇ ਚੀਨੀ ਭਾਸ਼ਾ ਦੀ ਵਰਤੋਂ ਹੋਈ ਹੈ। ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਸ਼ੱਕ ਦਾ ਰੂਪ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹਾ ਪੈਕੇਟ ਮਿਲਣ ‘ਤੇ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ। ਅਜੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੰਘਣੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਕਰ ਰਹੇ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਇਸ ਬੀਜ ਨਾਲ ਕੋਈ ਗੰਭੀਰ ਬੀਮਾਰੀ ਹੋ ਸਕਦੀ ਹੈ ਜਾਂ ਕੋਈ ਸੰਵੇਦਨਸ਼ੀਲ ਪਦਾਰਥ ਹੋ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਗੰਭੀਰਤਾ ਵਰਤਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਹਾਲਤ ਵਿਚ ਢਿੱਲ ਨਾ ਵਰਤੀ ਜਾਵੇ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਪੂਰੇ ਵਿਸ਼ਵ ‘ਚ ਅਮਰੀਕਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੈ। ਉਥੇ ਹੀ ਅਮਰੀਕਾ ਵਿਚ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਉਣ ਵਾਲੀ ਵੈਕਸੀਨ ਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਡੀਕਲ ਅਫਸਰ ਡਾ. ਸੁਰੇਸ਼ ਗੁਪਤਾ, ਜੋ ਇਥੇ ਭਾਰਤੀ ਮੂਲ ਦੇ ਮਸ਼ਹੂਰ ਸਿਹਤ ਮਾਹਰ ਹਨ, ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚੀਨ ਭਾਰਤ ਵਿਚ ਵੀ ਇਸ ਤਰ੍ਹਾਂ ਦੇ ਅਜੀਬ ਕਿਸਮ ਦੇ ਸ਼ੱਕੀ ਤੇ ਨਸ਼ੀਲੇ ਬੀਜ ਭੇਜ ਕੇ ਜਾਂ ਕੋਈ ਹੋਰ ਗੰਭੀਰ ਹਰਕਤ ਨੂੰ ਅੰਜਾਮ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵੀ ਇਸ ਤਰ੍ਹਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰਨ, ਤਾਂਕਿ ਕੋਈ ਦੁੱਖਦਾਈ ਘਟਨਾ ਹੋਣ ਤੋਂ ਬਚਾਅ ਹੋ ਸਕੇ।


Share