ਚੀਨ ਨੇ ਵੀ ਭਾਰਤੀ ਚੈਨਲਾਂ ਤੇ ਵੈੱਬਸਾਈਟਾਂ ‘ਤੇ ਲਾਈ ਪਾਬੰਦੀ

639
Share

ਬੀਜਿੰਗ, 1 ਜੁਲਾਈ (ਪੰਜਾਬ ਮੇਲ)-ਭਾਰਤ ਵਲੋਂ 59 ਚੀਨੀ ਐਪਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਚੀਨ ਸਰਕਾਰ ਵਲੋਂ ਵੀ ਭਾਰਤੀ ਚੈਨਲਾਂ ਅਤੇ ਮੀਡੀਆ ਗਰੁੱਪ ਨਾਲ ਜੁੜੀਆਂ ਸਾਰੀਆਂ ਵੈੱਬਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਚੀਨ ‘ਚ ਬਿਨਾਂ ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐੱਨ.) ਦੇ ਭਾਰਤੀ ਚੈਨਲ ਅਤੇ ਵੈੱਬਸਾਈਟਾਂ ਨੂੰ ਚਲਾਇਆ ਨਹੀਂ ਜਾ ਸਕਦਾ। ਖ਼ਬਰਾਂ ਅਨੁਸਾਰ ਚੀਨ ਸਰਕਾਰ ਨੇ ਫ਼ਿਲਹਾਲ ਵੀ.ਪੀ.ਐੱਨ. ‘ਤੇ ਵੀ ਪਾਬੰਦੀ ਲਗਾਈ ਹੋਈ ਹੈ। ਇਸ ਨਾਲ ਭਾਰਤੀ ਵੈੱਬਸਾਈਟਾਂ ਕਿਸੇ ਵੀ ਤਰ੍ਹਾਂ ਚੀਨ ‘ਚ ਨਹੀਂ ਖੁੱਲ੍ਹ ਰਹੀਆਂ ਹਨ। ਬੀਜਿੰਗ ਦੇ ਇਕ ਕੂਟਨੀਤਕ ਸੂਤਰ ਅਨੁਸਾਰ ਚੀਨ ‘ਚ ਭਾਰਤੀ ਟੀ.ਵੀ. ਚੈਨਲ ਹੁਣ ਸਿਰਫ਼ ਆਈ.ਪੀ. ਟੀ.ਵੀ. ਰਾਹੀਂ ਹੀ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਚੀਨ ‘ਚ ਭਾਰਤੀ ਵੈੱਬਸਾਈਟਾਂ ਹੀ ਨਹੀਂ ਗੂਗਲ ਤੇ ਫੇਸਬੁੱਕ ‘ਤੇ ਵੀ ਪਾਬੰਦੀ ਹੈ। ਉੱਧਰ ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈ.ਐੱਨ.ਐੱਸ.) ਦੇ ਪ੍ਰਧਾਨ ਸ਼ੈਲੇਸ਼ ਗੁਪਤਾ ਨੇ ਚੀਨ ਦੀ ਇਸ ਕਾਰਵਾਈ ਨੂੰ ਗੈਰ-ਜ਼ਰੂਰੀ ਦੱਸਦਿਆਂ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਭਾਰਤ ‘ਚ ਚੀਨੀ ਮੀਡੀਆ ‘ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕੇ ਅਤੇ ਚੀਨ ਵਲੋਂ ਭਾਰਤੀ ਮੀਡੀਆ ਕੰਪਨੀਆਂ ‘ਚ ਕੀਤੀ ਭਾਈਵਾਲੀ ਜਾਂ ਨਿਵੇਸ਼ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰੇ।


Share