ਚੀਨ ਨੇ ਡਰੱਗ ਤਸਕਰੀ ਦੇ ਮਾਮਲੇ ‘ਚ ਕੈਨੇਡਾ ਦੇ ਤਿੰਨ ਨਾਗਰਿਕਾਂ ਨੂੰ ਦਿੱਤੀ ਮੌਤ ਦੀ ਸਜ਼ਾ

574
Share

ਬੀਜਿੰਗ, 8 ਅਗਸਤ (ਪੰਜਾਬ ਮੇਲ)- ਹੁਵਾਈ ਦੀ ਸੀਐਫ਼ਓ ਮੇਂਗ ਵਾਂਗਜੂ ਦੀ ਗ੍ਰਿਫ਼ਤਾਰੀ ਮਗਰੋਂ ਚੀਨ ਤੇ ਕੈਨੇਡਾ ਦੇ ਰਿਸ਼ਤਿਆਂ ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ। ਇਸੇ ਦੇ ਚਲਦਿਆਂ ਚੀਨ ਨੇ ਡਰੱਗ ਤਸਕਰੀ ਦੇ ਮਾਮਲੇ ‘ਚ ਦੋ ਸਾਲਾਂ ‘ਚ ਹੀ ਕੈਨੇਡਾ ਦੇ ਤਿੰਨ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਤਾਜ਼ਾ ਮਾਮਲੇ ‘ਚ ਚੀਨ ਨੇ ਕੈਨੇਡਾ ਦੇ ਨਾਗਰਿਕ ਸ਼ੁ ਵੇਈਹੋਂਗ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਿਸ ‘ਤੇ ਦੋਸ਼ ਹੈ ਕਿ ਉਹ ਕੇਟਾਮਾਈਨ ਬਣਾ ਕੇ ਉਸ ਦੀ ਤਸਕਰੀ ਕਰਦਾ ਸੀ। ਸ਼ੁ ਵੇਈਹੋਂਗ ਦੇ ਇੱਕ ਸਾਲ ਵੇਨ ਗੁਆਨਸ਼ਿਓਂਗ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਗੁਆਂਗਝੂ ਮਿਊਨਿਸਪਲ ਇੰਟਰਮੀਡਿਏਟ ਕੋਰਟ ਨੇ ਇਹ ਸੁਜ਼ਾ ਸੁਣਾਈ। ਮੌਤ ਦੀ ਸਜ਼ਾ ਨੂੰ ਸਮੀਖਿਆ ਲਈ ਦੇਸ਼ ਦੀ ਸੁਪਰੀਮ ਕੋਰਟ ਵਿੱਚ ਭੇਜ ਦਿੱਤਾ ਗਿਆ ਹੈ।

ਪਿਛਲੇ ਸਾਲ ਵੀ ਦੋ ਕੈਨੇਡੀਅਨ ਨਾਗਰਿਕਾਂ ਨੂੰ ਡਰੱਗ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। 2019 ਦੇ ਜਨਵਰੀ ਮਹੀਨੇ ਵਿੱਚ ਰਾਬਰਟ ਲਾਇਡ ਨੂੰ ਅਤੇ ਮਈ ‘ਚ ਫਾਨ ਵੇਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ‘ਤੇ ਸਜ਼ਾ ਰਾਹੀਂ ਮਨਮਾਨੀ ਕਰਨ ਦਾ ਦੋਸ਼ ਲਾਇਆ ਸੀ।
ਮਿਊਨਿਸੀਪਲ ਇੰਟਰਮੀਡਿਏਟ ਕੋਰਟ ਦੇ ਬਿਆਨ ਵਿੱਚ ਮਾਮਲੇ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਪਰ ਸਥਾਨਕ ਮੀਡੀਆ ਨੇ ਕਿਹਾ ਕਿ ਸ਼ੁ ਅਤੇ ਵੇਨ ਅਕਤੂਬਰ 2016 ਤੋਂ ਕੇਟਾਮਾਈਨ ਬਣਾ ਰਹੇ ਸਨ। ਉਹ ਡਰੱਗ ਬਣਾਉਣ ਮਗਰੋਂ ਸ਼ੁ ਦੇ ਗੁਆਂਗਝੋਊ ਸਥਿਤ ਘਰ ਵਿੱਚ ਸਟੋਰ ਕਰਦੇ ਸਨ। ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਉਸ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ ਛਾਪਾ ਮਾਰ ਕੇ 120 ਕਿਲੋਗ੍ਰਾਮ (266 ਪਾਊਂਡਸ) ਡਰੱਗ ਬਰਾਮਦ ਕੀਤਾ ਸੀ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਸ਼ੁ ਦੀ ਸਜ਼ਾ ਨਾਲ ਚੀਨ-ਕੈਨੇਡਾ ਦੇ ਰਿਸ਼ਤਿਆਂ ‘ਤੇ ਕੋਈ ਪ੍ਰÎਭਾਵ ਨਹੀਂ ਪਏਗਾ। 2018 ਦੇ ਅਖੀਰ ‘ਚ ਕੈਨੇਡਾ ਦੇ ਵੈਨਕੁਵਰ ਏਅਰਪੋਰਟ ‘ਤੇ ਚੀਨੀ ਤਕਨੀਕੀ ਦਿੱਗਜ ਹੁਆਵੇ ਦੇ ਸੰਸਥਾਪਕ ਦੀ ਧੀ ਅਤੇ ਕੰਪਨੀ ਦੀ ਸੀਐਫਓ ਮੇਂਗ ਵਾਂਗਜੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੀਨ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਤਣਾਅ ਆਇਆ ਸੀ, ਜੋ ਅੱਜ ਤੱਕ ਜਾਰੀ ਹੈ। ਅਮਰੀਕਾ ਨੇ ਮੇਂਗ ‘ਤੇ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਸੀ। ਉਹ ਚਾਹੁੰਦਾ ਸੀ ਕਿ ਮੇਂਗ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇ।
ਮੇਂਗ ਦੀ ਗ੍ਰਿਫ਼ਤਾਰੀ ਮਗਰੋਂ ਚੀਨ ਬੌਖਲਾਇਆ ਹੋਇਆ ਹੈ। ਉਸ ਦਾ ਮੰਨਣਾ ਸੀ ਕਿ ਮੇਂਗ ਦੀ ਗ੍ਰਿਫ਼ਤਾਰੀ ਇੱਕ ਸਿਆਸੀ ਚਾਲ ਹੈ। ਇਸ ਦੇ ਜਵਾਬ ਵਿੱਚ ਚੀਨ ਨੇ ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਅਤੇ ਕਾਰੋਬਾਰੀ ਮਾਈਕਲ ਸਪਾਵੋਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਦੇ ਨਾਲ ਹੀ ਚੀਨ ਨੇ ਕੈਨੇਡਾ ਨਾਲ ਕੈਨੋਲਾ ਸੀਡ ਆਇਲ ਅਤੇ ਕਈ ਚੀਜ਼ਾਂ ਦੇ ਨਿਰਯਾਤ ‘ਤੇ ਵੀ ਪਾਬੰਦੀ ਲਾ ਦਿੱਤੀ ਸੀ।


Share