ਚੀਨ ਨੇ ਨਹੀਂ ਦਿੱਤੀ ਸੀ ਕੋਰੋਨਾ ਦੀ ਜਾਣਕਾਰੀ
ਜੇਨੇਵਾ, 6 ਜੁਲਾਈ (ਪੰਜਾਬ ਮੇਲ)-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਚੀਨ ਤੇ ਕੋਰੋਨਾ ਦੇ ਮਾਮਲੇ ‘ਚ ਆਪਣੇ ਦਾਅਵੇ ਤੋਂ ਪਿੱਛੇ ਹਟ ਗਿਆ ਹੈ। ਕੋਵਿਡ-19 ਸਾਹਮਣੇ ਆਉਣ ਤੋਂ ਬਾਅਦ ਡਬਲਯੂ.ਐੱਚ.ਓ. ਨੇ ਦੱਸਿਆ ਸੀ ਕਿ ਚੀਨ ਸਰਕਾਰ ਨੇ ਮਹਾਂਮਾਰੀ ਫੈਲਣ ਦੀ ਜਾਣਕਾਰੀ ਸੰਯੁਕਤ ਰਾਸ਼ਟਰ ਨੂੰ ਦਿੱਤੀ ਸੀ, ਪਰ ਹੁਣ ਸਿਹਤ ਸੰਗਠਨ ਨੇ ਆਪਣੇ ਹੀ ਦਾਅਵੇ ਤੋਂ ਪਾਸਾ ਵੱਟ ਲਿਆ ਹੈ। ਅਮਰੀਕੀ ਹਫਤਾਵਰੀ ਮੈਗਜ਼ੀਨ ‘ਵਾਸ਼ਿੰਗਟਨ ਐਗਜ਼ਾਮੀਨਰ’ ਮੁਤਾਬਿਕ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਆਪਣੀ ਵੈਬਸਾਈਟ ਤੋਂ ਇਹ ਸੂਚਨਾ ਹਟਾ ਲਈ ਹੈ, ਜਿਸ ‘ਚ ਚੀਨ ਵਲੋਂ ਵੁਹਾਨ ‘ਚ ਮਹਾਂਮਾਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ। ਖਬਰ ਮੁਤਾਬਿਕ ਵੈਬਸਾਈਟ ‘ਤੇ ‘ਟਾਈਮਲਾਈਨ ਆਫ ਡਬਲਯੂ.ਐੱਚ.ਓ..’ਜ਼ ਰਿਸਪਾਂਸ ਟੂ ਕੋਵਿਡ-19’ ਨੂੰ ਚੁੱਪਚਾਪ ਅੱਪਡੇਟ ਕਰ ਦਿੱਤਾ ਗਿਆ ਹੈ ਤੇ ਇਸ ਦੀ ਜਗ੍ਹਾ ਕੋਵਿਡ-19 ਦੇ ਕੌਮਾਂਤਰੀ ਮਾਮਲਿਆਂ ਦੀ ਕਮੇਟੀ ਦੀ ਅੰਦਰੂਨੀ ਰਿਪੋਰਟ ਦਿੱਤੀ ਗਈ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਲੋਕਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਚੀਨ ਨੇ ਕਦੇ ਵੀ ਵੁਹਾਨ ‘ਚ ਮਹਾਂਮਾਰੀ ਫੈਲਣ ਦੀ ਜਾਣਕਾਰੀ ਸਿਹਤ ਸੰਗਠਨ ਨੂੰ ਨਹੀਂ ਦਿੱਤੀ।