ਚੀਨ ਨੂੰ ਸਬਕ ਸਿਖਾਉਣ ਲਈ ਅਮਰੀਕਾ ਵੱਲੋਂ ਏਸ਼ੀਆ ਵਿਚ ਰਣਨੀਤਕ ਘੇਰਾਬੰਦੀ ਤੇਜ਼

754
Share

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਚੀਨ ਨੂੰ ਸਬਕ ਸਿਖਾਉਣ ਲਈ ਏਸ਼ੀਆ ਵਿਚ ਰਣਨੀਤਕ ਘੇਰਾਬੰਦੀ ਨੂੰ ਤੇਜ਼ ਕਰ ਦਿੱਤਾ ਹੈ। ਅਮਰੀਕੀ ਤਾਕਤ ਦਾ ਪ੍ਰਤੀਕ ਆਖੇ ਜਾਣ ਵਾਲੇ ਉਸ ਦੇ 20 ਏਅਰਕ੍ਰਾਫਟ ਅਤੇ ਹੈਲੀਕਾਪਟਰਸ ਕੈਰੀਅਰਸ ਵਿਚੋਂ 3 ਲਗਾਤਾਰ ਏਸ਼ੀਆ ਦੇ ਅਲੱਗ-ਅਲੱਗ ਇਲਾਕਿਆਂ ਵਿਚ ਗਸ਼ਤ ਕਰ ਰਹੇ ਹਨ। ਇਸ ਵੇਲੇ ਹਿੰਦ ਮਹਾਸਾਗਰ ਵਿਚ ਚੀਨ ਦੀ ਘੁਸਪੈਠ ਨੂੰ ਰੋਕਣ ਲਈ ਅਮਰੀਕਾ ਦਾ ਟਾਪ ਕਲਾਸ ਦਾ ਏਅਰਕ੍ਰਾਫਟ ਕੈਰੀਅਰ ਯੂ. ਐੱਸ. ਐੱਸ. ਰੋਨਾਲਡ ਰੀਗਨ ਅੰਡੇਮਾਨ ਕੋਲ ਪਹੁੰਚਿਆ ਹੈ। ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਇਸ ਏਅਰ ਕ੍ਰਾਫਟ ਕੈਰੀਅਰ ‘ਤੇ ਅਮਰੀਕਾ ਦੇ 90 ਲੜਾਕੂ ਜਹਾਜ਼ ਅਤੇ 3000 ਤੋਂ ਜ਼ਿਆਦਾ ਮਰੀਨ ਤਾਇਨਾਤ ਹਨ।

ਅਮਰੀਕਾ ਨੇ ਹਾਲ ਹੀ ਵਿਚ ਇਥੇ ਬੀ-2 ਬੰਬਾਰ ਨੂੰ ਵੀ ਤਾਇਨਾਤ ਕੀਤਾ ਹੈ। ਇਸ ਖੇਤਰ ਵਿਚ ਆਪਣੀ ਤਾਕਤ ਨੂੰ ਵਧਾ ਕੇ ਅਮਰੀਕਾ ਚੀਨ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਦ ਮਹਾਸਾਗਰ ਵਿਚ ਚੀਨ ਦੀਆਂ ਵੱਧਦੀਆਂ ਗਤੀਵਿਧੀਆਂ ‘ਤੇ ਲਗਾਮ ਲਾਉਣ ਲਈ ਅਮਰੀਕਾ ਨੇ ਆਪਣੇ 3 ਏਅਰਕ੍ਰਾਫਟ ਕੈਰੀਅਰਸ ਨੂੰ ਇਸ ਇਲਾਕੇ ਵਿਚ ਤਾਇਨਾਤ ਕੀਤਾ ਹੈ। ਉਥੇ ਅਮਰੀਕਾ ਦੀਆਂ ਹਮਲਾਵਰ ਗਤੀਵਿਧੀਆਂ ਨਾਲ ਬੌਖਲਾਇਆ ਚੀਨ ਵਾਰ-ਵਾਰ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ। ਅਮਰੀਕਾ ਦੇ ਸੁਪਰ-ਕੈਰੀਅਰਸ ਵਿਚ ਯੂ. ਐੱਸ. ਐੱਸ. ਰੋਨਾਲਡ ਰੀਗਨ ਨੂੰ ਬਹੁਤ ਤਾਕਤਵਰ ਮੰਨਿਆ ਜਾਂਦਾ ਹੈ। ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਇਸ ਏਅਰਕ੍ਰਾਫਟ ਨੂੰ ਅਮਰੀਕੀ ਨੌ-ਸੈਨਾ ਵਿਚ 12 ਜੁਲਾਈ 2003 ਨੂੰ ਕਮਿਸ਼ਨ ਕੀਤਾ ਗਿਆ ਸੀ। ਜਾਪਾਨ ਦਾ ਯੋਕੋਸੁਲਾ ਨੇਵਲ ਬੇਸ ਇਸ ਏਅਰਕ੍ਰਾਫਟ ਕੈਰੀਅਰ ਦਾ ਹੋਮਬੇਸ ਹੈ। ਇਹ ਕੈਰੀਅਰ ਸਟਾਈਕ ਗਰੁੱਪ 11 ਦਾ ਅੰਗ ਹੈ ਜੋ ਇਕੱਲੇ ਆਪਣੇ ਦਮ ‘ਤੇ ਕਈ ਦੇਸ਼ਾਂ ਨੂੰ ਬਰਬਾਦ ਕਰਨ ਦੀ ਤਾਕਤ ਰੱਖਦਾ ਹੈ। 332 ਮੀਟਰ ਲੰਬੇ ਇਸ ਏਅਰਕ੍ਰਾਫਟ ਕੈਰੀਅਰ ‘ਤੇ 90 ਲੜਾਕੂ ਜਹਾਜ਼ ਅਤੇ ਹੈਲੀਕਾਪਟਰਸ ਤੋਂ ਇਲਾਵਾ ਕਰੀਬ 3000 ਨੌ-ਸੈਨਾ ਦੇ ਫੌਜੀ ਤਾਇਨਾਤ ਹੁੰਦੇ ਹਨ।

Share