ਚੀਨ ਦੀ ਸਿਚੁਆਨ ਏਅਰਲਾਇੰਸ ਵੱਲੋਂ ਭਾਰਤ ਲਈ ਆਪਣੀਆਂ ਸਾਰੀਆਂ ਕਾਰਗੋ ਉਡਾਣਾਂ 15 ਦਿਨਾਂ ਤੱਕ ਮੁਅੱਤਲ -ਭਾਰਤ ਨੂੰ ਮੈਡੀਕਲ ਸਪਲਾਈ ਕਰ ਰਹੇ ਜਹਾਜ਼ਾਂ ਨੂੰ ਵੀ ਰੋਕਿਆ

131
Share

-ਜ਼ਰੂਰੀ ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਡਾਕਟਰੀ ਸਪਲਾਈ ’ਚ ਪੈਦਾ ਹੋਈ ਵੱਡੀ ਰੁਕਾਵਟ
ਬੀਜਿੰਗ, 27 ਅਪ੍ਰੈਲ (ਪੰਜਾਬ ਮੇਲ)- ਚੀਨ ਦੇ ਸਰਕਾਰੀ ਸਿਚੁਆਨ ਏਅਰਲਾਇੰਸ ਨੇ ਭਾਰਤ ਲਈ ਆਪਣੀਆਂ ਸਾਰੀਆਂ ਕਾਰਗੋ (ਮਾਲਵਾਹਕ) ਉਡਾਣਾਂ ਨੂੰ ਅਗਲੇ 15 ਦਿਨਾਂ ਤੱਕ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਨਿੱਜੀ ਕਾਰੋਬਾਰੀਆਂ ਵੱਲੋਂ ਜ਼ਰੂਰੀ ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਡਾਕਟਰੀ ਸਪਲਾਈ ਚੀਨ ਤੋਂ ਕਰਨ ਵਿਚ ਵੱਡੀ ਰੁਕਾਵਟ ਪੈਦਾ ਹੋ ਗਈ ਹੈ। ਕੰਪਨੀ ਨੇ ਇਹ ਕਦਮ ਚੀਨ ਦੀ ਸਰਕਾਰ ਵੱਲੋਂ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੂੰ ‘ਸਮਰਥਨ ਅਤੇ ਸਹਾਇਤਾ’ ਦੀ ਪੇਸ਼ਕਸ਼ ਕਰਨ ਦੇ ਬਾਵਜੂਦ ਚੁੱਕਿਆ ਹੈ।
ਸਿਚੁਆਨ ਏਅਰਲਾਇੰਸ ਦਾ ਹਿੱਸਾ ਸਿਹੁਚਆਨ ਚੁਆਨਹਾਂਗ ਲਾਜਿਸਟਿਕ ਕਾਰਪੋਰੇਸ਼ਨ ਲਿਮੀਟਡ ਦੇ ਮਾਰਕੀਟਿੰਗ ਏਜੰਟ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਕਿ ਹਵਾਬਾਜ਼ੀ ਕੰਪਨੀ ਸ਼ਿਆਨ-ਦਿੱਲੀ ਸਮੇਤ 6 ਮਾਰਗਾਂ ’ਤੇ ਆਪਣੀ ਕਾਰਗੋ ਸੇਵਾ ਮੁਅੱਤਲ ਕਰ ਰਹੀ ਹੈ। ਇਹ ਫ਼ੈਸਲਾ ਸਰਹੱਦ ਦੇ ਦੋਵਾਂ ਪਾਸਿਓਂ ਨਿੱਜੀ ਕਾਰੋਬਾਰੀਆਂ ਵੱਲੋਂ ਚੀਨ ਤੋਂ ਆਕਸੀਜਨ ਕੰਸਨਟ੍ਰੇਟਰ ਖ਼ਰੀਦਣ ਦੀਆਂ ਗੰਭੀਰ ਕੋਸ਼ਿਸ਼ਾਂ ਦਰਮਿਆਨ ਆਇਆ ਹੈ।
ਪੀ.ਟੀ.ਆਈ. ਭਾਸ਼ਾ ਨੇ ਇਸ ਸਬੰਧ ਵਿਚ ਕੰਪਨੀ ਵੱਲੋਂ ਜਾਰੀ ਪੱਤਰ ਨੂੰ ਦੇਖਿਆ ਹੈ। ਇਸ ਮੁਤਾਬਕ ਕੰਪਨੀ ਨੇ ਕਿਹਾ, ‘ਮਹਾਮਾਰੀ ਦੀ ਸਥਿਤੀ (ਭਾਰਤ) ਵਿਚ ਅਚਾਨਕ ਹੋਏ ਬਦਲਾਅ ਦੀ ਵਜ੍ਹਾ ਨਾਲ ਆਯਾਤ ਦੀ ਸੰਖਿਆ ਵਿਚ ਕਮੀ ਆਈ ਹੈ। ਇਸ ਲਈ ਅਗਲੇ 15 ਦਿਨਾਂ ਲਈ ਉਡਾਣਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।’ ਪੱਤਰ ਵਿਚ ਕਿਹਾ ਹੈ, ‘ਭਾਰਤੀ ਮਾਰਗ ਹਮੇਸ਼ਾ ਤੋਂ ਹੀ ਸਿਚੁਆਨ ਏਅਰਲਾਇੰਸ ਦਾ ਮੁੱਖ ਰਣਨੀਤਕ ਮਾਰਗ ਰਿਹਾ ਹੈ। ਇਸ ਮੁਅੱਤਲੀ ਨਾਲ ਸਾਡੀ ਕੰਪਨੀ ਨੂੰ ਭਾਰੀ ਨੁਕਸਾਨ ਹੋਵੇਗਾ। ਅਸੀਂ ਇਸ ਬਿਨਾਂ ਬਦਲੀ ਹੋਈ ਸਥਿਤੀ ਲਈ ਮਾਫ਼ੀ ਮੰਗਦੇ ਹਾਂ।’
ਪੱਤਰ ਮੁਤਾਬਕ ਕੰਪਨੀ ਅਗਲੇ 15 ਦਿਨਾਂ ਵਿਚ ਫ਼ੈਸਲੇ ਦੀ ਸਮੀਖਿਆ ਕਰੇਗੀ। ਕਾਰਗੋ ਉਡਾਣਾਂ ਦੀ ਮੁਅੱਤਲੀ ਨਾਲ ਏਜੰਟ ਅਤੇ ਸਮਾਨ ਭੇਜਣ ਵਾਲੇ ਹੈਰਾਨ ਹਨ, ਜੋ ਚੀਨ ਤੋਂ ਆਕਸੀਜਨ ਕੰਸਨਟ੍ਰੇਟਰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਸ਼ਿਕਾਇਤ ਆ ਰਹੀ ਹੈ ਕਿ ਚੀਨੀ ਉਤਾਪਾਦਕਾਂ ਨੇ ਆਕਸੀਜਨ ਸਬੰਧੀ ਉਪਕਰਣਾਂ ਦੀ ਕੀਮਤ ਵਿਚ 35 ਤੋਂ 40 ਫ਼ੀਸਦੀ ਵਾਧਾ ਕਰ ਦਿੱਤਾ ਹੈ। ਮਾਲ ਢੁਆਈ ਦੇ ਖ਼ਰਚ ਵਿਚ ਵੀ ਕਰੀਬ 20 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਸ਼ੰਘਾਈ ਵਿਚ ਮਾਲ ਭੇਜਣ ਦੀ ਕੰਪਨੀ ਸਾਈਨੋ ਗਲੋਬਲ ਲਾਜਿਸਟਿਸ ਦੇ ਸਿਧਾਰਥ ਸਿਨ੍ਹਾ ਨੇ ਦੱਸਿਆ ਕਿ ਸਿਚੁਆਨ ਏਅਰਲਾਇੰਸ ਦੇ ਫ਼ੈਸਲੇ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਵੱਲੋਂ ਤੇਜ਼ੀ ਨਾਲ ਆਕਸੀਜਨ ਕੰਸਨਟ੍ਰੇਟਰ ਖ਼ਰੀਦਣ ਅਤੇ ਭਾਰਤ ਨੂੰ ਭੇਜਣ ’ਚ ਰੁਕਾਵਟ ਪੈਦਾ ਹੋਵੇਗੀ।
ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਉਪਕਰਣਾਂ ਨੂੰ ਭੇਜਣਾ ਹੋਰ ਚੁਣੌਤੀਪੂਰਨ ਹੋਵੇਗਾ ਅਤੇ ਉਨ੍ਹਾਂ ਨੂੰ ਸਿੰਗਾਪੁਰ ਅਤੇ ਹੋਰ ਦੇਸ਼ਾਂ ਦੇ ਰਸਤੇ ਵੱਖ-ਵੱਖ ਹਵਾਬਾਜ਼ੀ ਕੰਪਨੀਆਂ ਵੱਲੋਂ ਭੇਜਣਾ ਹੋਵੇਗਾ, ਜਿਸ ਨਾਲ ਬਹੁਤ ਜ਼ਰੂਰੀ ਇਨ੍ਹਾਂ ਉਪਕਰਣਾਂ ਦੀ ਸਪਲਾਈ ਵਿਚ ਦੇਰੀ ਹੋਵੇਗੀ। ਸਿਨ੍ਹਾ ਨੇ ਕਿਹਾ ਕਿ ਭਾਰਤ ਵਿਚ ਕੋਵਿਡ-19 ਦੀ ਸਥਿਤੀ ਦਾ ਹਵਾਲਾ ਦੇ ਕੇ ਉਡਾਣਾਂ ਨੂੰ ਮੁਅੱਤਲ ਕਰਨਾ ਹੈਰਾਨੀਜਨਕ ਹੈ, ਕਿਉਂਕਿ ਭਾਰਤ ਜਾਣ ਵਾਲੇ ਚਾਲਕ ਦਲ ਦੇ ਕਿਸੇ ਮੈਂਬਰ ਨੂੰ ਬਦਲਿਆ ਨਹੀਂ ਜਾਂਦਾ ਅਤੇ ਚਾਲਕ ਦਲ ਦੇ ਮੈਂਬਰ ਹੀ ਜਹਾਜ਼ ਨੂੰ ਵਾਪਸ ਲਿਆਉਂਦੇ ਹਨ।

Share