ਚੀਨ ਦੀ ਵੁਹਾਨ ਲੈਬ ’ਚੋਂ ਹੀ ਨਿਕਲਿਆ ਕੋਰੋਨਾ

124
Share

ਲੰਡਨ, 31 ਮਈ (ਪੰਜਾਬ ਮੇਲ)- ਕੋਰੋਨਾ ਵਾਇਰਸ ਦੀ ਉਤਪੱਤੀ ਹੋਣ ਬਾਰੇ ਸਵਾਲਾਂ ਦੇ ਜਵਾਬ ਦੁਨੀਆ ਭਰ ਦੇ ਵਿਗਿਆਨੀ ਲੱਭ ਰਹੇ ਹਨ। ਹੁਣ ਇਕ ਨਵੇਂ ਅਧਿਐਨ ’ਚ ਦਾਅਵੇ ਨਾਲ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਚੀਨ ਦੇ ਵੁਹਾਨ ਦੀ ਉਸੇ ਲੈਬ ਵਿਚ ਬਣਿਆ ਸੀ, ਜਿਸ ’ਤੇ ਦੁਨੀਆ ਨੂੰ ਸ਼ੱਕ ਹੈ।
ਰਿਪੋਰਟ ਮੁਤਾਬਕ ਬਿ੍ਰਟਿਸ਼ ਪ੍ਰੋਫੈਸਰ ਐਂਗੁਸ ਅਤੇ ਨਾਰਵੇ ਦੇ ਵਿਗਿਆਨੀ ਡਾਕਟਰ ਬਰਡਰ ਨੇ ਅਧਿਐਨ ’ਚ ਪਾਇਆ ਹੈ ਕਿ ਚੀਨ ਨੇ ਕੋਰੋਨਾ ਨੂੰ ਲੁਕਾਉਣ ਲਈ ਰੇਟ੍ਰੋ ਇੰਜੀਨੀਅਰਿੰਗ ਦੇ ਕਾਗਜ਼ ਤਿਆਰ ਕੀਤੇ ਅਤੇ ਦੁਨੀਆਂ ਨੂੰ ਧੋਖੇ ਵਿਚ ਰੱਖਿਆ। ਅਧਿਐਨ ’ਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਕੋਰੋਨਾਵਾਇਰਸ ਦੇ ਖ਼ਿਲਾਫ਼ ਵੈਕਸੀਨ ਬਣਾਉਣ ਦੌਰਾਨ ਵਿਗਿਆਨੀਆਂ ਨੂੰ ਕੁਝ ਫਿੰਗਰਪਿ੍ਰੰਟਸ ਦਿਸੇ, ਜੋ ਵਾਇਰਸ ਵਿਚ ਸਨ, ਜਿਸ ਨੇ ਇਹ ਸੰਕੇਤ ਦਿੱਤੇ ਕਿ ਵਾਇਰਸ ਕਿਸੇ ਲੈਬ ਤੋਂ ਆਇਆ ਹੈ।
ਹੁਣ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਜਨਤਕ ਤੌਰ ’ਤੇ ਕੋਰੋਨਾ ਦੀ ਉਤਪੱਤੀ ਦੀ ਜਾਂਚ ਦੀ ਗੱਲ ਕਹੀ ਹੈ, ਉਦੋਂ ਦੁਨੀਆਂ ਦੇ ਕਈ ਦੇਸ਼ ਇਸ ਵੱਲ ਰੁੱਖ਼ ਕਰ ਰਹੇ ਹਨ। ਬਾਇਡਨ ਦਾ ਐਲਾਨ ਉਦੋਂ ਆਇਆ ਸੀ, ਜਦੋਂ ਵ੍ਹਾਈਟ ਹਾਊਸ ਨੂੰ ਦਿੱਤੀ ਗਈ ਇਕ ਇੰਟੈਲੀਜੈਂਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਨਵੰਬਰ 2019 ’ਚ ਵੁਹਾਨ ਲੈਬ ਦੇ ਕੁਝ ਕਰਮਚਾਰੀਆਂ ਨੂੰ ਹਸਪਤਾਲ ’ਚ ਦਾਖਲ ਕੀਤਾ ਗਿਆ ਸੀ, ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਸਨ। ਉਸ ਦੇ ਕੁਝ ਸਮੇਂ ਬਾਅਦ ਹੀ ਕੋਰੋਨਾ ਨੇ ਦੁਨੀਆਂ ਵਿਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ।
ਇੰਨਾ ਹੀ ਨਹੀਂ, ਅਮਰੀਕਾ ਦੇ ਸਿਹਤ ਅਧਿਕਾਰੀ ਵੀ ਇਸ ਦੌਰਾਨ ਨਿਸ਼ਾਨੇ ’ਤੇ ਆਏ ਹਨ ਕਿਉਂਕਿ ਇਹ ਪਾਇਆ ਗਿਆ ਹੈ ਕਿ ਵੁਹਾਨ ਵਿਚ ਰਿਸਰਚ ਲਈ ਕੁਝ ਇਨਵੈਸਟਮੈਂਟ ਉਨ੍ਹਾਂ ਵੱਲੋਂ ਵੀ ਕੀਤੀ ਗਈ ਸੀ ਪਰ ਇਸ ਦੌਰਾਨ ਜਿਹੜਾ ਤਾਜ਼ਾ ਅਧਿਐਨ ਸਾਹਮਣੇ ਆਇਆ ਹੈ, ਉਸ ਵਿਚ ਸਾਫ-ਸਾਫ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਦਾ ਜਨਮ ਇਕ ਲੈਬ ਵਿਚ ਹੋਇਆ ਹੈ, ਇਹ ਕੋਈ ਕੁਦਰਤੀ ਢੰਗ ਨਾਲ ਪੈਦਾ ਹੋਇਆ ਵਾਇਰਸ ਨਹੀਂ ਹੈ।
ਇਹ ਅਧਿਐਨ ਪੂਰੇ 22 ਪੇਜ ਦਾ ਹੈ, ਜਿਸ ਵਿਚ ਵੁਹਾਨ ਲੈਬ ਦੀ ਪੂਰੀ ਕੁੰਡਲੀ ਹੈ। ਦਾਅਵੇ ਮੁਤਾਬਕ ਸਾਲ 2002 ਤੋਂ 2019 ਦੇ ਵਿਚਕਾਰ ਵੁਹਾਨ ਲੈਬ ਵਿਚ ਕੀ-ਕੀ ਹੋਇਆ, ਉਸ ਦਾ ਪੂਰਾ ਵੇਰਵਾ ਇਸ ਰਿਪੋਰਟ ਵਿਚ ਤਿਆਰ ਕੀਤਾ ਗਿਆ ਹੈ। ਜੋ ਕੋਰੋਨਾਵਾਇਰਸ ਨੂੰ ਲੈ ਕੇ ਵੱਡੇ ਖੁਲਾਸੇ ਕਰ ਸਕਦਾ ਹੈ। ਗੌਰਤਲਬ ਹੈ ਕਿ ਕੋਰੋਨਾਵਾਇਰਸ ਦੁਨੀਆਂ ਦੇ ਸਾਹਮਣੇ ਦਸੰਬਰ 2019 ’ਚ ਆਇਆ ਸੀ। ਉਸ ਮਗਰੋਂ ਹੀ ਹੁਣ ਤੱਕ ਦੁਨੀਆਂ ’ਚ ਇਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹਾਲੇ ਵੀ ਲੱਖਾਂ ਲੋਕ ਬੀਮਾਰ ਹਨ। ਦੁਨੀਆਂ ਦੇ ਕਈ ਵਾਰ ਅਜਿਹਾ ਹੋਣ ਦੇ ਪਿੱਛੇ ਚੀਨ ਦਾ ਹੱਥ ਦੱਸਿਆ ਪਰ ਚੀਨ ਹਰ ਵਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਕੋਰੋਨਾ ਦੀ ਉਤਪੱਤੀ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਸੀ ਪਰ ਚੀਨ ਗਈ ਟੀਮ ਨੂੰ ਉੱਥੇ ਕੁਝ ਸਹਿਯੋਗ ਨਹੀਂ ਮਿਲ ਪਾਇਆ, ਅਜਿਹੇ ਵਿਚ ਜਾਂਚ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਹੀ ਰਹੀ।

Share