ਚੀਨ ਦੀ ਅਦਾਲਤ ਵੱਲੋਂ ਕੈਨੇਡੀਅਨ ਵਿਅਕਤੀ ਦੀ ਮੌਤ ਦੀ ਸਜ਼ਾ ਖ਼ਿਲਾਫ਼ ਅਪੀਲ ਖਾਰਜ

563
Share

ਬੀਜਿੰਗ/ਟੋਰਾਂਟੋ, 10 ਅਗਸਤ (ਪੰਜਾਬ ਮੇਲ)- ਚੀਨ ਦੀ ਅਦਾਲਤ ਨੇ ਨਸ਼ੀਲੇ ਪਦਾਰਥ ਮਾਮਲੇ ਵਿਚ ਸਜ਼ਾ ਖ਼ਿਲਾਫ਼ ਕੈਨੇਡਾ ਦੇ ਇਕ ਵਿਅਕਤੀ ਦੀ ਅਪੀਲ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ। ਹੁਵੇਈ ਦੀ ਇਕ ਅਧਿਕਾਰੀ ਨੂੰ ਕੈਨੇਡਾ ਦੇ ਵੈਨਕੂਵਰ ਵਿਚ ਹਿਰਾਸਤ ਵਿਚ ਲਏ ਜਾਣ ਦੇ ਬਾਅਦ ਇਸ ਵਿਅਕਤੀ ਦੀ ਸਜ਼ਾ ਨੂੰ ਫਾਂਸੀ ਦੀ ਸਜ਼ਾ ’ਚ ਬਦਲ ਦਿੱਤਾ ਗਿਆ ਸੀ। ਰੌਬਰਟ ਸ਼ੇਲੇਨਬਰਗ ਨੂੰ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਜ਼ੁਰਮ ’ਚ ਨਵੰਬਰ 2018 ’ਚ ਸਜ਼ਾ ਸੁਣਾਈ ਗਈ ਸੀ।
ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਮੇਂਗ ਵਾਨਝੋਊ ਦੀ ਰਿਹਾਈ ਲਈ ਕੈਨੇਡਾ ’ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੀਨ ਸਰਕਾਰ ਨੇ ਜਨਵਰੀ 2019 ਵਿਚ ਸ਼ੇਲੇਨਬਰਗ ਦੀ ਸਜ਼ਾ ਨੂੰ ਅਚਾਨਕ ਫਾਂਸੀ ਦੀ ਸਜ਼ਾ ਵਿਚ ਬਦਲ ਦਿੱਤਾ। ਵਾਨਝੋਊ ’ਤੇ ਈਰਾਨ ਨਾਲ ਸੰਭਾਵਿਤ ਕਾਰੋਬਾਰੀ ਸੌਦੇ ਨੂੰ ਲੈ ਕੇ ਅਮਰੀਕਾ ਵੱਲੋਂ ਦੋਸ਼ ਲਗਾਏ ਜਾਣ ਦੇ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।¿;
ਲਿਆਓਨਿੰਗ ਸੂਬੇ ਦੀ ਇਕ ਅਦਾਲਤ ਨੇ ਸ਼ੇਲੇਨਬਰਗ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਅਤੇ ਇਕ ਬਿਆਨ ਵਿਚ ਕਿਹਾ ਕਿ ਇਹ ਸਜ਼ਾ ਬਿਲਕੁੱਲ ਠੀਕ ਹੈ ਅਤੇ ਹੇਠਲੀ ਅਦਾਲਤ ਨੇ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ। ਮਾਮਲੇ ਨੂੰ ਮੁੜ ਵਿਚਾਰ ਲਈ ਚੀਨੀ ਸੁਪਰੀਮ ਕੋਰਟ ਕੋਲ ਭੇਜਿਆ ਗਿਆ ਹੈ।

Share