ਚੀਨ ਦੀਆਂ ਕੰਪਨੀਆਂ ਖਿਲਾਫ ਅਮਰੀਕੀ ਕਾਰਵਾਈ ਦੀ ਚੀਨ ਵੱਲੋਂ ਆਲੋਚਨਾ

581
Share

ਵਿਵਾਦਤ ਦੱਖਣੀ ਚੀਨ ਸਾਗਰ ‘ਚ ਸਰਗਰਮੀਆਂ ਵਧਾਏ ਜਾਣ ‘ਤੇ ਅਮਰੀਕਾ ਨੇ ਕੀਤੀ ਕਾਰਵਾਈ
ਪੇਈਚਿੰਗ, 27 ਅਗਸਤ (ਪੰਜਾਬ ਮੇਲ)- ਵਿਵਾਦਤ ਦੱਖਣੀ ਚੀਨ ਸਾਗਰ ‘ਚ ਚੀਨ ਵੱਲੋਂ ਫ਼ੌਜ ਵਧਾਏ ਜਾਣ ਮਗਰੋਂ ਅਧਿਕਾਰੀਆਂ ਅਤੇ ਕੰਪਨੀਆਂ ਖਿਲਾਫ਼ ਅਮਰੀਕੀ ਕਾਰਵਾਈ ਦੀ ਚੀਨ ਨੇ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਉਂਜ ਚੀਨ ਨੇ ਮੋੜਵੀਂ ਕਾਰਵਾਈ ਦੇ ਕੋਈ ਸੰਕੇਤ ਨਹੀਂ ਦਿੱਤੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਕਿਹਾ ਕਿ ਅਮਰੀਕੀ ਕਾਰਵਾਈ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਸਿੱਧਾ ਦਖ਼ਲ ਹੈ ਜੋ ਕਿਸੇ ਖਾਸ ਦਲੀਲ ਦਿੱਤੇ ਬਿਨਾਂ ਕੀਤੀ ਗਈ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਬੁੱਧਵਾਰ ਨੂੰ ਕਈ ਚੀਨੀ ਅਧਿਕਾਰੀਆਂ ਅਤੇ 24 ਕੰਪਨੀਆਂ ਖਿਲਾਫ਼ ਕਾਰਵਾਈ ਦਾ ਐਲਾਨ ਕੀਤਾ ਸੀ। ਇਹ ਕੰਪਨੀਆਂ ਹੁਣ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਅਮਰੀਕਾ ‘ਚ ਬਰਾਮਦ ਨਹੀਂ ਕਰ ਸਕਣਗੀਆਂ। ਜ਼ਾਓ ਨੇ ਕਿਹਾ ਕਿ ਚੀਨ ਆਪਣੇ ਜਾਇਜ਼ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਢੁੱਕਵੇਂ ਕਦਮ ਉਠਾਏਗਾ। ਉਸ ਨੇ ਕਿਹਾ ਕਿ ਚੀਨ ਨੇ ਆਪਣੇ ਇਲਾਕੇ ‘ਚ ਉਸਾਰੀ ਕੀਤੀ ਹੈ ਅਤੇ ਇਸ ਦਾ ਫ਼ੌਜ ਦੀ ਨਫ਼ਰੀ ਵਧਾਉਣ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।
ਚੀਨ ਨੇ ਵਿਵਾਦਤ ਸਾਗਰ ‘ਚ ਮਿਜ਼ਾਈਲ ਦਾਗ਼ੀ
ਚੀਨ ਨੇ ਦੱਖਣੀ ਚੀਨ ਸਾਗਰ ‘ਚ ਦੋ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ ਜਿਨ੍ਹਾਂ ‘ਚੋਂ ਇਕ ‘ਕੈਰੀਅਰ ਕਿਲਰ’ ਮਿਜ਼ਾਈਲ ਸ਼ਾਮਲ ਹੈ। ‘ਦਿ ਸਾਊਥ ਚਾਈਨਾ ਮੌਰਨਿੰਗ ਪੋਸਟ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਮਿਜ਼ਾਈਲ ਅਮਰੀਕੀ ਫ਼ੌਜ ‘ਤੇ ਹਮਲੇ ਲਈ ਵਿਕਸਤ ਕੀਤੀ ਗਈ ਹੈ। ਡੀਐੱਫ-26ਬੀ ਅਤੇ ਡੀਐੱਫ-21ਡੀ ਮਿਜ਼ਾਈਲਾਂ ਨੂੰ ਹੈਨਾਨ ਤੇ ਪੈਰਾਸੇਲ ਟਾਪੂਆਂ ਵਿਚਕਾਰਲੇ ਇਲਾਕੇ ‘ਚ ਦਾਗਿਆ ਗਿਆ ਸੀ।


Share