ਚੀਨ ਤੇ ਤਾਇਵਾਨ ਵਿਚਾਲੇ ਤਣਾਅ ਘਟਾਉਣ ਲਈ ਜਪਾਨ ਵੱਲੋਂ ਅਮਰੀਕਾ ਨੂੰ ਸਹਿਯੋਗ

154
Share

ਟੋਕੀਓ, 5 ਅਪ੍ਰੈਲ (ਪੰਜਾਬ ਮੇਲ)- ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਤਾਇਵਾਨ ਦੀ ਸ਼ਾਂਤੀ ਤੇ ਸਥਿਰਤਾ ਖੇਤਰ ਲਈ ਬਹੁਤ ਜ਼ਰੂਰੀ ਹੈ ਅਤੇ ਚੀਨ ਤੇ ਤਾਇਵਾਨ ਵਿਚਾਲੇ ਵਧਦੇ ਤਣਾਅ ਨੂੰ ਠੱਲ੍ਹਣ ’ਚ ਜਪਾਨ ਵੱਲੋਂ ਅਮਰੀਕਾ ਨੂੰ ਸਹਿਯੋਗ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੁਗਾ ਵੱਲੋਂ ਅਗਲੇ ਹਫ਼ਤੇ ਵਾਸ਼ਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕੀਤੀ ਜਾਵੇਗੀ। ਟੋਕੀਓ, ਅਮਰੀਕਾ ਨਾਲ ਆਪਣੀ ਭਾਈਵਾਲੀ ਨੂੰ ਆਪਣੀਆਂ ਕੂਟਨੀਤਕ ਤੇ ਸੁਰੱਖਿਆ ਨੀਤੀਆਂ ਦੇ ਨੀਂਹ ਪੱਥਰ ਵਜੋਂ ਦੇਖਦਾ ਹੈ ਅਤੇ ਉਹ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨਾਲ ਨੇੜਲੇ ਸਬੰਧ ਬਣਾਉਣ ਲਈ ਕਾਫ਼ੀ ਕਾਹਲਾ ਹੈ। ਇਸ ਮੌਕੇ ਹੋਣ ਵਾਲੀ ਗੱਲਬਾਤ ਦੌਰਾਨ ਏਜੰਡੇ ’ਚ ਤਾਇਵਾਨ ਸਬੰਧੀ ਚਰਚਾ ਹੋਣ ਦੀ ਆਸ ਹੈ ਕਿਉਂਕਿ ਆਗੂ ਖਿੱਤੇ ਵਿਚ ਚੀਨ ਤੋਂ ਵਧਦੇ ਸੁਰੱਖਿਆ ਖ਼ਤਰਿਆਂ ਤੋਂ ਨਜਿੱਠਣ ਲਈ ਰਾਹ ਲੱਭਣਾ ਚਾਹੁੰਦੇ ਹਨ। ਚੀਨ ਦੇ ਜੰਗੀ ਜਹਾਜ਼ਾਂ ਦਾ ਤਾਇਵਾਨ ਦੀ ਹਵਾਈ ਪੱਟੀ ਵਿਚ ਆਉਣਾ ਵਧਦਾ ਜਾ ਰਿਹਾ ਹੈ ਅਤੇ ਚੀਨ ਵੱਲੋਂ ਅਮਰੀਕਾ ਤੇ ਤਾਇਵਾਨ ਦੇ ਤੱਟ ਰੱਖਿਅਕਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤੀ ਦੇਣ ਵਾਲੇ ਸਮਝੌਤੇ ਦਾ ਵਿਰੋਧ ਕੀਤਾ ਗਿਆ ਹੈ, ਜਿਸ ਤਹਿਤ ਅਮਰੀਕਾ ਵੱਲੋਂ ਤਾਇਵਾਨ ਨੂੰ ਫ਼ੌਜੀ ਉਪਕਰਨ ਵੇਚੇ ਜਾਣਗੇ।
ਇਕ ਟੀ.ਵੀ. ਸ਼ੋਅ ’ਚ ਗੱਲਬਾਤ ਦੌਰਾਨ ਸੁਗਾ ਨੇ ਕਿਹਾ, ‘‘ਜਪਾਨ ਤੇ ਅਮਰੀਕਾ ਲਈ ਇਕ-ਦੂਜੇ ਨੂੰ ਸਹਿਯੋਗ ਦੇਣਾ ਅਤੇ ਅਜਿਹਾ ਵਾਤਾਵਰਨ ਪੈਦਾ ਕਰਨ ਲਈ ਉਪਰਾਲੇ ਕਰਨਾ ਜ਼ਰੂਰੀ ਹੈ, ਜਿੱਥੇ ਕਿ ਤਾਇਵਾਨ ਤੇ ਚੀਨ ਇਕ ਸ਼ਾਂਤਮਈ ਹੱਲ ਕੱਢ ਸਕਣ। ਜ਼ਿਕਰਯੋਗ ਹੈ ਕਿ ਚੀਨ ਦਾਅਵਾ ਕਰਦਾ ਹੈ ਕਿ ਤਾਇਵਾਨ ਉਸ ਦਾ ਇਲਾਕਾ ਹੈ, ਜੋ ਪੇਈਚਿੰਗ ਦੇ ਕੰਟਰੋਲ ਹੇਠ ਆਉਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ, ਤਾਂ ਤਾਕਤ ਦੇ ਇਸਤੇਮਾਲ ਨਾਲ ਅਜਿਹਾ ਕੀਤਾ ਜਾਵੇਗਾ।

Share