ਚੀਨ ‘ਚ ਫਿਰ ਆਇਆ ਕੋਰੋਨਾ, 24 ਘੰਟਿਆਂ ‘ਚ 1290 ਦੀ ਮੌਤ

740

ਬੀਜਿੰਗ, 17 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਨੇ ਸ਼ੁੱਕਰਵਾਰ ਨੂੰ ਇਨਫੈਕਟਿਡਾਂ ਅਤੇ ਮੌਤ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ। ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਇਨਫੈਕਟਿਡਾਂ ਦੇ ਅੰਕੜੇ 325 ਤੋਂ ਵੱਧ ਕੇ 50,333 ਹੋ ਗਏ ਹਨ। ਇਸ ਦੇ ਨਾਲ ਹੀ 24 ਘੰਟਿਆਂ ਵਿਚ 1290 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 3869 ਹੋ ਗਈ ਹੈ।ਇੱਥੇ ਦੱਸ ਦਈਏ ਕਿ ਜਨਵਰੀ ਵਿਚ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਹਾਲੇ ਤੱਕ ਇਸ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਨਹੀਂ ਮਿਲ ਸਕੀ ਹੈ। ਹੁਣ ਤੱਕ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਵਿਚ ਇਸ ਮਹਾਮਾਰੀ ਨਾਲ 21 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐੱਸ.ਐੱਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਕੁੱਲ 2142179 ਲੋਕ ਇਨਫੈਕਟਿਡ ਹੋਏ ਹਨ ਜਦਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1444420 ਹੋ ਗਈ ਹੈ। ਦੁਨੀਆ ਭਰ ਵਿਚ ਹੁਣ ਤੱਕ 541424 ਲੋਕ ਇਸ ਦੇ ਇਨਫੈਕਸ਼ਨ ਨਾਲ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ। ਕੋਰੋਨਾਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਅਮਰੀਕਾ ‘ਤੇ ਪਿਆ ਹੈ। ਵਿਸ਼ਵ ਦੀ ਆਰਥਿਕ ਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਇਹ ਮਹਾਮਾਰੀ ਗੰਭੀਰ ਰੂਪ ਲੈ ਚੁੱਕੀ ਹੈ। ਯੂਰਪੀ ਦੇਸ਼ ਇਟਲੀ ਵਿਚ ਇਸ ਮਹਾਮਾਰੀ ਦੇ ਕਾਰਨ ਹੁਣ ਤੱਕ 22170 ਲੋਕਾਂ ਦੀ ਮੌਤ ਹੋਈ ਹੈ ਜਦਕਿ 168941 ਲੋਕ ਇਨਫੈਕਟਿਡ ਹੋਏ ਹਨ। ਉੱਥੇ ਚੀਨ ਵਿਚ ਹੁਣ ਤੱਕ 82367 ਲੋਕ ਇਨਫੈਕਟਿਡ ਹੋਏ ਹਨ ਅਤੇ 4,632 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨੂੰ ਲੈ ਕੇ ਤਿਆਰ ਕੀਤੀ ਗਈ ਇਕ ਤਾਜ਼ਾ ਰਿਪੋਰਟ ਦੇ ਮੁਤਾਬਕ ਚੀਨ ਵਿਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਦੇ ਸਨ।