ਚੀਨ ‘ਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਆਏ ਸਾਹਮਣੇ; 2 ਸ਼ਹਿਰਾਂ ‘ਚ ਲੌਕਡਾਊਨ ਲਾਗੂ

708

ਬੀਜਿੰਗ, 20 ਮਈ (ਪੰਜਾਬ ਮੇਲ)- ਦੁਨੀਆਂ ਭਰ ਵਿਚ ਫੈਲੀ ਜਾਨਲੇਵਾ ਮਹਾਮਾਰੀ ਕੋਵਿਡ-19 ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁਝ ਹਫਤੇ ਪਹਿਲਾਂ ਹੀ ਚੀਨ ਨੇ ਕੋਰੋਨਾਵਾਇਰਸ ‘ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਸੀ। ਡੇਲੀ ਮੇਲ ਦੀ ਇਕ ਰਿਪੋਰਟ ਦੇ ਮੁਤਾਬਕ ਹੁਣ ਚੀਨ ਵਿਚ ਰਹੱਸਮਈ ਢੰਗ ਨਾਲ ਦੁਬਾਰਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਚੀਨ ਵਿਚ ਘੱਟੋ-ਘੱਟ 2 ਸ਼ਹਿਰਾਂ ਵਿਚ ‘ਵੁਹਾਨ ਸਟਾਈਲ’ ‘ਚ ਲੌਕਡਾਊਨ ਲਗਾਇਆ ਗਿਆ ਹੈ। ਚੀਨ ਦੇ ਉੱਤਰ-ਪੂਰਬ ‘ਚ ਸਥਿਤ ਡੋਂਗਬੇਈ ਖੇਤਰ ਵਿਚ ਕੋਰੋਨਾਵਾਇਰਸ ਦਾ ਖਤਰਾ ਪੈਦਾ ਹੋ ਗਿਆ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ 10.8 ਕਰੋੜ ਦੀ ਆਬਾਦੀ ਵਾਲੇ ਪੂਰੇ ਡੇਂਗਬੇਈ ਨੂੰ ਲੌਕਡਾਊਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿਲਿਨ ਸੂਬੇ ‘ਚ ਟਰੇਨ ਅਤੇ ਬੱਸ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਸਕੂਲ ਵੀ ਬੰਦ ਕਰ ਦਿੱਤੇ ਗਏ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਚੀਨੀ ਲੋਕ ਸਮਝ ਰਹੇ ਸਨ ਕਿ ਕੋਰੋਨਾ ਮਹਾਮਾਰੀ ਦੇਸ਼ ‘ਚ ਖਤਮ ਹੋ ਗਈ ਹੈ। ਭਾਵੇਂਕਿ ਅਧਿਕਾਰਤ ਤੌਰ ‘ਤੇ ਜਿਲਿਨ ‘ਚ ਕੋਰੋਨਾ ਦੇ 38 ਮਾਮਲੇ ਹੀ ਦੱਸੇ ਜਾ ਰਹੇ ਹਨ। ਮੰਗਲਵਾਰ ਨੂੰ ਚੀਨ ਦੇ ਉੱਤਰ-ਪੂਰਬ ਦੇ ਜਿਲਿਨ ਸ਼ਹਿਰ ‘ਚ 2 ਹਸਪਤਾਲਾਂ ਨੂੰ ਵੀ ਕੋਰੋਨਾਵਾਇਰਸ ਦੇ ਇਲਾਜ ਲਈ ਅਧਿਕਾਰਤ ਕੀਤਾ ਗਿਆ। ਵੱਡੀ ਗਿਣਤੀ ‘ਚ ਕੋਰੋਨਾ ਸ਼ੱਕੀਆਂ ਦਾ ਇਲਾਜ ਇਨ੍ਹਾਂ ਹਸਪਤਾਲਾਂ ਵਿਚ ਕੀਤਾ ਜਾ ਸਕੇਗਾ।
ਜਿਲਿਨ ਰਾਜ ਦੇ 2 ਸ਼ਹਿਰਾਂ ‘ਚ ਸਖਤ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਬਾਅਦ ਨੇੜਲੇ ਦੇ ਇਲਾਕਿਆਂ ਵਿਚ ਵੀ ਕੋਰੋਨਾ ਇਨਫੈਕਸ਼ਨ ਫੈਲਣ ਦਾ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ। ਜਿਲਿਨ ਦੇ ਸ਼ੁਲਨ ਦੀ ਆਬਾਦੀ ਕਰੀਬ 7 ਲੱਖ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਲਨ ‘ਚ ਜਿਹੜੇ ਵੀ ਲੋਕ ਨਿਯਮ ਤੋੜਨਗੇ, ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਚੀਨ ਜਿੱਥੇ ਇਕ ਪਾਸੇ ਵੁਹਾਨ ਤੋਂ ਲੌਕਡਾਊਨ ਹਟਾ ਕੇ ਦੇਸ਼ ‘ਚ ਸਾਧਾਰਨ ਸਥਿਤੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਨਵੇਂ ਮਾਮਲਿਆਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਉਂਝ ਵੀ ਕਈ ਦੇਸ਼ ਚੀਨ ਵੱਲੋਂ ਅਧਿਕਾਰਤ ਤੌਰ ‘ਤੇ ਕੋਰੋਨਾ ਦੇ ਘੱਟ ਅੰਕੜੇ ਦਿਖਾਏ ਜਾਣ ‘ਤੇ ਸ਼ੱਕ ਕਰਦੇ ਰਹੇ ਹਨ।