ਚੀਨ ਉਪਰ ਲਾਗੂ ਦਰਾਮਦ ਟੈਕਸ ਦਰਾਂ ਦੇ ਭਵਿੱਖ ਸੰਬੰਧੀ ਨਿਰਣਾ ਵਿਚਾਰ ਅਧੀਨ : ਬਾਇਡਨ

22
Share

– ਕਿਹਾ : ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ; ਅਮਰੀਕੀ ਅਰਥ ਵਿਵਸਥਾ ਲਈ ਉਚਿਤ ਫੈਲਾ ਲਿਆ ਜਾਵੇਗਾ
ਸੈਕਰਾਮੈਂਟ, 11 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਚੀਨ ਤੋਂ ਦਰਾਮਦ ਕੀਤੇ ਜਾਂਦੇ ਸਾਜ਼-ਸਮਾਨ ਉਪਰ ਲਾਗੂ ਕੀਤੀਆਂ ਦਰਾਮਦ ਟੈਕਸ ਦਰਾਂ ਦੇ ਭਵਿੱਖ ਸਬੰਧੀ ਨਿਰਨਾ ਵਿਚਾਰ ਅਧੀਨ ਹੈ ਪਰੰਤੂ ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਰਾਸ਼ਟਰਪਤੀ ਨੇ ਇਹ ਬਿਆਨ ਕੁਝ ਆਰਥਕ ਮਾਹਿਰਾਂ ਵੱਲੋਂ ਮਹਿੰਗਾਈ ਘੱਟ ਕਰਨ ਲਈ ਦਰਾਮਦ ਉਪਰ ਲਾਗੂ ਟੈਕਸਾਂ ਦਰਾਂ ਖਤਮ ਕਰਨ ਦੇ ਸੁਝਾਅ ਤੋਂ ਬਾਅਦ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਅਰਥ ਵਿਵਸਥਾ ਲਈ ਜੋ ਵੀ ਫੈਸਲਾ ਉਚਿਤ ਹੋਵੇਗਾ, ਉਹ ਲਿਆ ਜਾਵੇਗਾ। ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਕੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਚੀਨ ਦੇ ਸਾਜ਼-ਸਮਾਨ ਉਪਰ ਲਾਗੂ ਟੈਰਿਫ ਵਾਪਸ ਲਏ ਜਾਣਗੇ, ਤਾਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਮੇ ਇਹ ਮੁੱਦਾ ਵਿਚਾਰ ਅਧੀਨ ਹੈ ਤੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਇਸ ਸਬੰਧੀ ਕਿਸ ਕਿਸਮ ਦਾ ਨਿਰਨਾ ਸਾਡੇ ਲਈ ਹਾਂ ਪਖੀ ਹੋਵੇਗਾ। ਦਰਾਂ ਘੱਟ ਕਰਨ ਜਾਂ ਖਤਮ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਬਾਰੇ ਮੈ ਕੁੱਛ ਨਹੀਂ ਕਹਿਣਾ ਤੇ ਮੈ ਕਹਿ ਚੁੱਕਾ ਹਾਂ ਕਿ ਅਜੇ ਕੋਈ ਵੀ ਨਿਰਣਾ ਨਹੀਂ ਲਿਆ ਤੇ ਮਾਮਲੇ ਉਪਰ ਵਿਚਾਰ ਕੀਤਾ ਜਾ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਬਾਇਡਨ ਪ੍ਰਸ਼ਾਸਨ ਨੇ ਚੀਨ ਦੇ ਸਾਜ਼-ਸਮਾਨ ਉਪਰ ਪਿਛਲੇ 4 ਸਾਲਾਂ ਤੋਂ ਲਾਗੂ ਟੈਕਸ ਦਰਾਂ ਬਾਰੇ ਵਿਸ਼ਲੇਸ਼ਣ ਦੀ ਸ਼ੁਰੂਆਤ ਕੀਤੀ ਸੀ ਪਰੰਤੂ ਅਜੇ ਤੱਕ ਅਧਿਕਾਰੀਆਂ ਨੇ ਟੈਕਸ ਦਰਾਂ ਖਤਮ ਕਰਨ ਜਾਂ ਘੱਟ ਕਰਨ ਸਬੰਧੀ ਕੋਈ ਸੰਕੇਤ ਨਹੀਂ ਦਿੱਤਾ। ਮਾਰਚ ‘ਚ ਬਾਇਡਨ ਪ੍ਰਸ਼ਾਸਨ ਨੇ ਚੀਨੀ ਦਰਾਮਦ ਉਪਰ ਲਾਗੂ ਕੁਝ ਟੈਕਸ ਦਰਾਂ ਘਟਾਈਆਂ ਸਨ ਪਰੰਤੂ ਅਜੇ ਵੀ ਟਰੰਪ ਪ੍ਰਸ਼ਾਸਨ ਦੁਆਰਾ ਚੀਨ ਤੋਂ ਦਰਾਮਦ ਕੀਤੇ ਜਾਂਦੇ ਸਾਜ਼-ਸਮਾਨ ਉਪਰ ਲਾਗੂ ਟੈਕਸ ਦਰਾਂ ਉਸੇ ਤਰ੍ਹਾਂ ਜਾਰੀ ਹਨ। ਅਮਰੀਕਾ ਚੀਨ ਕੋਲੋਂ ਹਰ ਸਾਲ 350 ਅਰਬ ਡਾਲਰ ਦੇ ਮੁੱਲ ਦਾ ਸਾਜ਼-ਸਮਾਨ ਮਗਵਾਉਂਦਾ ਹੈ। 2020 ‘ਚ ਅਮਰੀਕਾ ਤੇ ਚੀਨ ਦਰਾਮਦ ਉਪਰ ਨਵਾਂ ਟੈਕਸ ਲਾਗੂ ਨਾ ਕਰਨ ਲਈ ਸਹਿਮਤ ਹੋਏ ਸਨ। ਬੀਜਿੰਗ ਇਸ ਗੱਲ ਲਈ ਵੀ ਸਹਿਮਤ ਹੋਇਆ ਸੀ ਕਿ ਉਹ ਅਮਰੀਕਾ ਤੋਂ ਸਾਜ਼ ਸਮਾਨ ਤੇ ਕੁਝ ਖੇਤੀਬਾੜੀ ਉਤਪਾਦਨਾਂ ਦੀ ਖਰੀਦ ਕਰੇਗਾ ਪਰੰਤੂ ਉਸ ਨੇ ਅਮਰੀਕਾ ਤੋਂ ਨਿਰਧਾਰਤ ਟੀਚੇ ਤੋਂ ਬਹੁਤ ਘੱਟ ਦਰਾਮਦ ਕੀਤੀ ਹੈ। ਇਸੇ ਦੌਰਾਨ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਉਪਰ ਲਾਗੂ ਵਾਧੂ ਪਾਬੰਦੀਆਂ ਨੂੰ ਖਤਮ ਕਰਨ ਬਾਰੇ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਹਫਤਿਆਂ ਵਿਚ ਵਧੇਰੇ ਖੁਲਾਸਾ ਕੀਤਾ ਜਾਵੇਗਾ।


Share